‘ਪੰਚਾਇਤੀ ਚੋਣਾਂ ’ਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲਿਆਂ ਦਾ ਬਾਈਕਾਟ ਕਰਨ ਲੋਕ’
‘ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦਾ ਵੀ ਪੰਚਾਇਤੀ ਚੋਣਾਂ ’ਚ ਕਰੋ ਬਾਈਕਾਟ’ : ਗਿ. ਕੇਵਲ ਸਿੰਘ
ਜੈਤੋ/ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਪਿੰਡ ਬਚਾਓ-ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ 2024 ਤੱਕ ਪਿੰਡ ਦੇ ਭਾਈਚਾਰੇ ਨੂੰ ਮਜਬੂਤ ਕਰਨ, ਵਿਕਾਸ ਅਤੇ ਹਰ ਤਰਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫਲਾ’ ਕੱਢਿਆ ਜਾ ਰਿਹਾ ਹੈ। ਇਹ ਕਾਫਲਾ ਗ੍ਰਾਮ ਸਭਾਵਾਂ ਨੂੰ ਮਜਬੂਤ ਕਰਨ ਦਾ ਸੁਨੇਹਾ ਲੈ ਕੇ ਅੱਜ ਮਿਤੀ 14 ਸਤੰਬਰ ਨੂੰ ਜਿਲਾ ਫਰੀਦਕੋਟ ਦੇ ਪਿੰਡਾਂ ਵਿੱਚ ਪਹੁੰਚਿਆ, ਜਿੱਥੇ ਆਮ ਲੋਕਾਂ ਵਲੋਂ ਕਾਫਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਜਿਲੇ ਦੀ ਤਹਿਸੀਲ ਜੈਤੋ ਨੇੜਲੇ ਪਿੰਡ ਰੋੜੀਕਪੂਰਾ ਵਿੱਚ ਕਾਫਲੇ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੈ ਕੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਗਈ। ਕਾਫਲੇ ਦੀ ਅਗਵਾਈ ਕਰ ਰਹੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿੱਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲੀ ਪਿਰਤ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਅਜਿਹੇ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਕਿਹਾ, ਜੋ ਕਿਸੇ ਵੀ ਸਿਆਸੀ ਲੀਡਰ ਦੀ ਤਸਵੀਰ ਲਾਉਣਗੇ। ਗਿਆਨੀ ਕੇਵਲ ਸਿੰਘ ਨੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਨਸ਼ਾ ਜਾਂ ਪੈਸਾ ਵੰਡਣਗੇ। ਉਹਨਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਵੇ ਨਾ ਕਿ ਕਿਸੇ ਪਾਰਟੀ ਦਾ, ਜੇਕਰ ਸਰਪੰਚ ਪਿੰਡ ਦਾ ਹੋਵੇਗਾ ਤਾਂ ਹੀ ਪਿੰਡ ਲਈ ਕੰਮ ਕਰੇਗਾ। ਜੇਕਰ ਸਰਪੰਚ ਕਿਸੇ ਪਾਰਟੀ ਦਾ ਹੋਵੇਗਾ ਤਾਂ ਉਹ ਪਾਰਟੀ ਲਈ ਹੀ ਕੰਮ ਕਰੇਗਾ। ਬੁਲਾਰਿਆਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਸਥਾਈ ਮੈਂਬਰ ਹੈ ਅਤੇ ਗ੍ਰਾਮ ਸਭਾ ਕਦੇ ਭੰਗ ਨਹੀਂ ਹੁੰਦੀ। ਕਾਫਲੇ ਦੇ ਬੁਲਾਰੇ ਦਰਸ਼ਨ ਸਿੰਘ ਧਨੇਠਾ ਨੇ ਲੋਕਾਂ ਦੀ ਤਾਕਤ ਤੇ ਰਾਜ ਕਿਹੋ ਜਿਹਾ ਹੋਵੇ, ਇਸ ਬਾਬਤ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਲੋਕਾਂ ਨੂੰ ਇਕੱਠ ਦੀ ਤਾਕਤ ਬਾਰੇ ਜਾਗਰੂਕ ਹੋਣ ਲਈ ਕਿਹਾ ਤੇ ਕਕਰਾਲਾ ਪਿੰਡ ਦੀ ਉਦਾਹਰਣ ਦਿੱਤੀ ਜਿੱਥੇ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਵਿੱਚ ਮਤਾ ਪਾ ਕੇ ਪਿੰਡ ਦੀ ਜਮੀਨ ਦਾ ਪ੍ਰਬੰਧਕ ਵੱਲੋਂ ਕੀਤਾ ਫੈਸਲਾ ਰੱਦ ਕੀਤਾ ਗਿਆ। ਆਈ.ਡੀ.ਪੀ. ਦੇ ਆਗੂ ਕਰਨੈਲ ਸਿੰਘ ਜਖੇਪਲ ਨੇ ਪੂਰੇ ਪਿੰਡ ਨੂੰ ਰਾਖਵਾਂਕਰਨ ਵੀ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕਿਹਾ। “ਜੇ ਅਸੀਂ ਪੂਰਾ ਪਿੰਡ ਇਕੱਠੇ ਹੋਵਾਂਗੇ ਤਾਂ ਹੀ ਪਿੰਡ ਦੀ ਤਰੱਕੀ ਕਰ ਸਕਾਂਗੇ।” ਪਿੰਡ ਦੀ ਪੰਚਾਇਤ ਕਿਹੋ ਜਿਹੀ ਹੋਵੇ, ਉਹ ਧੜੇਬੰਦੀ ਵਾਲੀ ਨਾ ਹੋਵੇ, ਇਸ ਬਾਬਤ ਵੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ। ਪੱਤਰਕਾਰ ਅਰਸ਼ਦੀਪ ਅਰਸ਼ੀ ਨੇ ਕਾਨੂੰਨ ਰਾਹੀਂ ਮਿਲੇ ਹੋਏ ਹੱਕ ਲਾਗੂ ਕਰਵਾਉਣ ’ਤੇ ਜੋਰ ਦਿੱਤਾ। “ਸਾਨੂੰ ਐਨੇ ਸਾਲਾਂ ਤੋਂ ਗਲੀਆਂ ਤੇ ਨਾਲੀਆਂ ਦੇ ਮਾਮਲੇ ਵਿੱਚ ਹੀ ਉਲਝਾਇਆ ਹੋਇਆ ਹੈ ਪਰ ਇਹ ਮਾਮਲੇ ਵੀ ਅਸੀਂ ਆਪਣੇ ਆਪ ਗ੍ਰਾਮ ਸਭਾ ਵਿੱਚ ਹੱਲ ਕਰ ਸਕਦੇ ਹਾਂ। ਕਿੱਥੇ ਸੜਕ ਬਣੇਗੀ, ਕਿਹੜੀ ਸਕੀਮ ਦਾ ਲਾਭ ਕਿਸਨੂੰ ਮਿਲੇਗਾ, ਇਸ ਸਭ ਦਾ ਫੈਸਲਾ ਗ੍ਰਾਮ ਸਭਾ ਦੇ ਇਕੱਠ ਵਿੱਚ ਹੋਣਾ ਹੈ। ਇਸੇ ਲਈ ਇਸ ਬਾਰੇ ਆਪਣੇ ਆਪ ਨੂੰ ਜਾਗਰੂਕ ਕਰਨਾ ਜਰੂਰੀ ਹੈ। ਵੱਖ-ਵੱਖ ਬੁਲਾਰਿਆਂ ਨੇ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ। ਨਾਲ ਹੀ ਔਰਤਾਂ ਤੇ ਦਲਿਤਾਂ ਦੇ ਰਾਖਵੇਂਕਰਨ ਨੂੰ ਸਹੀ ਤੇ ਸੁਚੱਜੇ ਰੂਪ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਵਿੱਚ ਪ੍ਰੀਤਮ ਸਿੰਘ ਅਤੇ ਮਨਪ੍ਰੀਤ ਕੌਰ ਰਾਜਪੁਰਾ ਸ਼ਾਮਲ ਸਨ। ਉਹਨਾਂ ਦੱਸਿਆ ਕਿ 30 ਸਤੰਬਰ ਨੂੰ ਇਸ ਕਾਫਲੇ ਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ ਪਿੰਡ ਸਰਾਭਾ ਵਿਖੇ ਹੋਵੇਗੀ।