ਫਿਰੋਜਪੁਰ ਤੋਂ ਹਜੂਰ ਸਾਹਿਬ-ਹਰਿਦੁਆਰ ਰੇਲਗੱਡੀ ਦੇ ਜੈਤੋ ਠਹਿਰਾਅ ਲਈ ਕੀਤੀ ਮੰਗ
ਕੋਟਕਪੂਰਾ/ਜੈਤੋ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਹਲਕਾ ਜੈਤੋ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਸੀਨੀਅਰ ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ ਚੇਅਰਮੈਨ ਐਮ.ਐਸ.ਐਮ.ਈ.ਪੀ.ਸੀ.ਆਈ. (ਸੁਖਮ, ਲਗੂ ਤੇ ਮੱਧਮ ਉੱਦਮ ਅਦਾਰਾ ਭਾਰਤ ਸਰਕਾਰ) ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਵਲੋਂ ਹਲਕੇ ਦੀਆਂ ਮੁੱਖ ਮੰਗਾਂ ਨੂੰ ਲਿਖਤੀ ਮੰਗ ਪੱਤਰ ਰਾਹੀਂ ਰੇਲਵੇ ਰਾਜ ਮੰਤਰੀ ਦੇ ਸਾਹਮਣੇ ਰੱਖੀਆਂ। ਡਾ. ਰਮਨਦੀਪ ਸਿੰਘ ਜੈਤੋ ਨੇ ਫ਼ਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਅਤੇ ਹਰਿਦੁਆਰ ਵੱਲ ਜਾਂਦੀਆਂ ਟਰੇਨਾਂ ਦਾ ਜੈਤੋ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੇਣ ਦੀ ਮੰਗ ਕੀਤੀ, ਜਿਸ ਨਾਲ ਇਲਾਕੇ ਦੇ ਧਾਰਮਿਕ ਸ਼ਰਧਾਲੂਆਂ ਨੂੰ ਯਾਤਰਾ ਵਿਚ ਸੁਵਿਧਾ ਮਿਲੇਗੀ। ਡਾ. ਰਮਨਦੀਪ ਸਿੰਘ ਜੈਤੋ ਨੇ ਜੈਤੋ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੀ ਸੜਕ ’ਤੇ ਇਕ ਓਵਰ ਬਰਿੱਜ ਦੀ ਲੋੜ ਸਬੰਧੀ ਮਸਲਾ ਵੀ ਰੱਖਿਆ, ਜੋ ਕਿ ਇਲਾਕੇ ਦੀ ਆਵਾਜਾਈ ਲਈ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਰੇਵਲੇ ਰਾਜ ਮੰਤਰੀ ਵਲੋਂ ਦੋਵੇਂ ਮੰਗਾਂ ਨੂੰ ਮਹੱਤਵਪੂਰਨ ਮੰਨਦੇ ਹੋਏ ਇਹ ਭਰੋਸਾ ਦਿੱਤਾ ਕਿ ਜਲਦ ਕਾਰਵਾਈ ਕੀਤੀ ਜਾਵੇਗੀ। ਡਾ. ਰਮਨਦੀਪ ਸਿੰਘ ਜੈਤੋ ਨੇ ਰੇਲਵੇ ਰਾਜ ਮੰਤਰੀ ਵਲੋਂ ਹਲਕਾ ਜੈਤੋ ਦੀਆਂ ਸਮੱਸਿਆਵਾਂ ’ਤੇ ਨਿੱਜੀ ਤੌਰ ’ਤੇ ਦਿਲਚਸਪੀ ਲੈਣ ਲਈ ਦਿੱਲੋਂ ਧੰਨਵਾਦ ਕੀਤਾ।