ਇਤਿਹਾਸਕ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਕੋਟਕਪੂਰਾ ਦੀਆਂ ਗੋਲਡ ਮੈਡਲ ਜਿੱਤਣ ਵਾਲੀਆਂ ਬੱਚੀਆਂ ਦਾ ਸ਼ਹਿਰ ਵਿੱਚ ਇਕ ਜੀਪ ਉੱਪਰ ਸਵਾਰ ਕਰਕੇ ਸ਼ਾਨਦਾਰ ਸੁਆਗਤ ਕੀਤਾ ਗਿਆ। ਅਕੈਡਮੀ ਦੇ ਸੰਸਥਾਪਕ ਅਤੇ ਜਿਲਾ ਗਤਕਾ ਕੋਚ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਬੱਚੀਆਂ ਨੇ ਇਤਿਹਾਸਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਜੈਤੋ ਰੋਡ ਕੋਟਕਪੂਰਾ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ। ਉਕਤ ਕਾਫਲੇ ਦੀ ਅਗਵਾਈ ਕਰ ਰਹੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਮੁਤਾਬਿਕ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ, ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ ਜੈਪੁਰ (ਰਾਜਸਥਾਨ) ਵਿਖੇ ਅਰਸ਼ਦੀਪ ਕੌਰ ਬਾਜਾਖਾਨਾ, ਖੁਸ਼ਪ੍ਰੀਤ ਕੌਰ ਕੋਟਕਪੂਰਾ ਅਤੇ ਅਰਸ਼ਦੀਪ ਕੌਰ ਕੋਟਕਪੂਰਾ ਨੇ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਗਤਕਾ ਕੋਚ ਹਰਜਿੰਦਰ ਸਿੰਘ ਕਿਲੀ ਦੀ ਅਗਵਾਈ ਹੇਠ ਉਕਤ ਸਫਲਤਾ ਪ੍ਰਾਪਤ ਕੀਤੀ। ਜਿਲਾ ਗਤਕਾ ਕੋਚ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਗਤਕਾ ਮੁਕਾਬਲਿਆਂ ਵਿੱਚ ਅਨੇਕਾਂ ਗੋਲਡ ਮੈਡਲ ਜਿੱਤਣ ਵਾਲੀਆਂ ਇਹਨਾ ਬੱਚੀਆਂ ਦੀ ਸਫਲਤਾ ਦਾ ਸਿਹਰਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜਾਂਦਾ ਹੈ, ਕਿਉਂਕਿ ਪਹਿਲਾਂ ਗੋਲਡ ਮੈਡਲ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਸਪੀਕਰ ਸੰਧਵਾਂ ਵਲੋਂ 51-51 ਹਜਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ, ਜਿਸ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਦੀਆਂ ਬੱਚੀਆਂ ਅਤੇ ਨੌਜਵਾਨਾ ਵਿੱਚ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਸਪੀਕਰ ਸੰਧਵਾਂ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਐਨਾ ਮਾਣ ਸਤਿਕਾਰ ਨਹੀਂ ਦਿੱਤਾ, ਜਿੰਨਾ ਇਸ ਸਰਕਾਰ ਵਲੋਂ ਮਿਲਿਆ ਹੈ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਮੇਹਰ ਸਿੰਘ ਚੰਨੀ ਸਮੇਤ ਹੋਰ ਵੀ ਪਤਵੰਤੇ ਹਾਜਰ ਸਨ।