ਸ੍ਰੀਨਗਰ, 30 ਸਤੰਬਰ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼)
ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਅਤੇ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਦੇ ਸਹਿਯੋਗ ਨਾਲ ਸਾਂਝਾ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੇ ਅਧੀਨ ਪੰਜਾਬੀ ਸਾਹਿਤ ਸਭਾ ਵੱਲੋਂ ਸਭਾ ਦੀ 58ਵੀਂ ਸਾਲਾਨਾ ਸਾਹਿਤਕ ਮਿਲਣੀ ਮਨਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਗੁਰਬਾਣੀ ਸ਼ਬਦ ਨਾਲ ਕੀਤੀ ਗਈ। ਗੁਰਨਾਮ ਸਿੰਘ ਅਰਸ਼ੀ ਨੇ “ਅਵਲਿ ਅਲਹ ਨੂਰੁ ਉਪਾਇਆ” ਸ਼ਬਦ ਸੁਣਾ ਕੇ ਸਮਾਗਮ ਨੂੰ ਆਧਿਆਤਮਿਕ ਰੰਗ ਬਖ਼ਸ਼ਿਆ।
ਇਸ ਮੌਕੇ ਸਿੱਖ ਕੋਆਰਡੀਨੇਟਰ ਕਮੇਟੀ ਦੇ ਚੇਅਰਮੈਨ ਸ. ਜਗਮੋਹਨ ਸਿੰਘ ਰੈਣਾ, ਪ੍ਰਸਿੱਧ ਪੰਜਾਬੀ ਲੇਖਕ ਅਜੀਤ ਸਿੰਘ ਮਸਤਾਨਾ, ਸ਼ੀਰਾਜ਼ਾ ਦੇ ਸੰਪਾਦਕ ਪੋਪਿੰਦਰ ਸਿੰਘ ਪਰਾਸ, ਐਸ.ਐਸ. ਕੁੱਕਲ, ਮੰਗਤ ਸਿੰਘ ਜੁਗਨੂੰ (ਪ੍ਰਧਾਨ ਪੰਜਾਬੀ ਸਾਹਿਤ ਸਭਾ ਸ੍ਰੀਨਗਰ), ਹਰਪਾਲ ਸਿੰਘ ਪਿਲੀ ਸਮੇਤ ਕਈ ਵਿਦਵਾਨ ਹਸਤੀਆਂ ਹਾਜ਼ਰ ਸਨ।
ਸਭਾ ਦੇ ਪ੍ਰਧਾਨ ਮੰਗਤ ਸਿੰਘ ਜੁਗਨੂੰ ਨੇ ਆਏ ਹੋਏ ਮਹਿਮਾਨਾਂ ਦਾ ਵਿਦਵਤ ਸਵਾਗਤ ਕੀਤਾ ਤੇ ਸਭਾ ਦੀ ਵਰ੍ਹਾਵਾਰ ਰਿਪੋਰਟ ਪੇਸ਼ ਕੀਤੀ। ਸ੍ਰ.ਜਗਮੋਹਨ ਸਿੰਘ ਰੈਣਾ ਨੇ ਪੰਜਾਬੀ ਸਾਹਿਤ ਸਭਾ ਅਤੇ ਅਕੈਡਮੀ ਵਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੇ ਸਾਹਿਤਕ ਸਮਾਗਮ ਇਤਿਹਾਸਕ ਦਸਤਾਵੇਜ਼ ਬਣ ਜਾਂਦੇ ਹਨ।
ਇਸੇ ਮੌਕੇ ਤੇ ਸੀਨੀਅਰ ਸੰਪਾਦਕ ਸੰਪਾਦਕ ਸੀ਼ਰਾਜਾ਼ ਪੋਪਿੰਦਰ ਸਿੰਘ ਪਰਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕੈਡਮੀ ਹਮੇਸ਼ਾ ਸਾਹਿਤ ਸਭਾ ਦੇ ਨਾਲ ਖੜੀ ਹੈ। ਅਕੈਡਮੀ ਦੀ ਕੋਸ਼ਿਸ਼ ਹੈ ਕਿ ਨਵੇਂ ਲੇਖਕਾਂ ਨੂੰ ਮੰਚ ਮਿਲੇ ਅਤੇ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਜਿਨ੍ਹਾਂ ਲੇਖਕਾਂ ਨੇ ਸ਼ੁਰੂ ਤੋਂ ਲੈਕੇ ਹੁਣ ਤੱਕ ਸਾਹਿਤ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਦੇ ਯੋਗਦਾਨ ਦੀ ਹਮੇਸ਼ਾ ਕਦਰ ਹੈ ।
ਇਸ ਮੌਕੇ ਅਕੈਡਮੀ ਵੱਲੋਂ ਇੱਕ ਕਵਿਤਾ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਵੇਂ ਜੋਗਿੰਦਰ ਸਿੰਘ ਸ਼ਾਨ, ਅਜੀਤ ਸਿੰਘ ਮਸਤਾਨਾ, ਮੰਗਤ ਸਿੰਘ ਜੁਗਨੂ, ਐਚ.ਐਸ. ਪਾਲੀ, ਕੇਵਲਪਾਲ ਸਿੰਘ, ਐਚ.ਐਸ. ਉਪਾਸ਼ਕ, ਪਰਮਜੀਤ ਸਿੰਘ, ਇਕਬਾਲ ਸਿੰਘ, ਗੁਰਨਾਮ ਸਿੰਘ ਅਰਸ਼ੀ, ਜਸਬੀਰ ਕੌਰ ਅਤੇ ਪ੍ਰਿੰਸੀਪਲ ਇਛਪਾਲ ਸਿੰਘ ਨੇ ਆਪਣੀ ਕਵਿਤਾ ਰਾਹੀਂ ਦਰਸ਼ਕਾਂ ਨੂੰ ਰੁਝਾਇਆ।
ਪ੍ਰਸਿੱਧ ਪੰਜਾਬੀ ਲੇਖਕ ਅਜੀਤ ਸਿੰਘ ਮਸਤਾਨਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਕਲਚਰਲ ਅਕੈਡਮੀ ਦਾ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਨੂੰ ਹਮੇਸ਼ਾ ਸਾਥ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਤੇ ਅਕੈਡਮੀ ਨੂੰ ਵਧਾਈ ਦਿੱਤੀ।
ਪ੍ਰੋਗਰਾਮ ਦੀ ਸੰਚਾਲਨਾ ਹਰਪਾਲੀ ਸਿੰਘ ਪਾਲੀ ਸਕੱਤਰ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਨੇ ਬਖ਼ੂਬੀ ਨਿਭਾਈ। ਇਸ ਦੌਰਾਨ, ਹੀਮਲ ਅੰਕ ਅਤੇ ਕਿਰਨਪਾਲ ਵੱਲੋਂ ਲਿਖੀ ਪੁਸਤਕ “ਫੁੱਲਾਂ ਦੇ ਰਾਹ” ਦਾ ਵੀ ਵਿਮੋਚਨ ਕੀਤਾ ਗਿਆ। ਕਈ ਵਿਦਵਾਨਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ, ਕਲਾ ਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਨੇ ਹਾਜ਼ਰੀ ਭਰੀ ਤੇ ਪ੍ਰੋਗਰਾਮ ਨੂੰ ਸਫਲ ਬਣਾਇਆ।