ਬਠਿੰਡਾ,21 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਵੱਲੋਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਅਤੇ ਅਕਸਰ ਲੋਕਾਂ ਨਾਲ ਸਖਤ ਵਿਹਾਰ ਕਰਨ ਦੀਆਂ ਖਬਰਾਂ ਦਾ ਅਕਸਰ ਹੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆ, ਇਹ ਕਹਾਵਤ ਉਦੋਂ ਸੱਚ ਹੁੰਦੀ ਜਾਪੀ ਜਦੋਂ ਪੀਸੀਆਰ ਨੂੰ ਮਿਲੀ ਇਕ ਸ਼ਿਕਾਇਤ ਦੇ ਆਧਾਰ ਤੇ ਪਰਿਵਾਰ ਦਾ ਝਗੜਾ ਨਿਬੇੜਨ ਗਏ ਕੁਝ ਪੁਲਿਸ ਮੁਲਾਜ਼ਮਾਂ ਨੇ ਉਸ ਪਰਿਵਾਰ ਦੀ ਸਹਾਇਤਾ ਕਰਦੇ ਹੋਏ ਮਾਨਵਤਾ ਪ੍ਰਤੀ ਆਪਣਾ ਫਰਜ ਨਿਭਾਇਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਰਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਪੀਸੀਆਰ ਤੇ ਇਕ ਕਾਲ ਆਈ ਸੀ ਕਿ ਲਾਲ ਸਿੰਘ ਨਗਰ ਇਲਾਕੇ ਦੇ ਕਿਸੇ ਪਰਿਵਾਰ ਦਾ ਝਗੜਾ ਹੋਇਆ ਹੈ। ਜਦੋਂ ਉਕਤ ਏਐਸਆਈ ਆਪਣੀ ਟੀਮ ਸਮੇਤ ਘਟਨਾ ਸਥਾਨ ਤੇ ਪੁੱਜਾ ਤਾਂ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਪਰਿਵਾਰ ਵਿੱਚ ਝਗੜੇ ਦਾ ਕਾਰਨ ਸਵੇਰ ਦੀ ਚਾਹ ਨਾ ਬਣਨਾ ਸੀ ਕਿਉਂਕਿ ਘਰ ਵਿੱਚ ਇੱਕ ਅਪਾਹਜ ਬਜ਼ੁਰਗ ਔਰਤ ਅਤੇ ਉਸਦਾ ਕਰੀਬ 80 ਸਾਲ ਦਾ ਬਜ਼ੁਰਗ ਪਤੀ ਹੀ ਮੌਜੂਦ ਸੀ। ਘਰ ਵਿੱਚ ਕੋਈ ਵੀ ਕਮਾਉਣ ਵਾਲਾ ਜੀਅ ਨਾ ਹੋਣ ਕਾਰਨ ਘਰ ਵਿੱਚ ਦੋ ਡੰਗ ਦੀ ਰੋਟੀ ਦਾ ਵੀ ਮੁਸ਼ਕਿਲ ਹੋਇਆ ਪਿਆ ਸੀ।
ਸਥਿਤੀ ਨੂੰ ਸਮਝਦੇ ਹੋਏ ਏਐਸਆਈ ਰਜਿੰਦਰ ਸਿੰਘ ਇੰਸਾਂ, ਹੋਲਦਾਰ ਸਰਬਜੀਤ ਕੌਰ ਇੰਸਾਂ (ਦੋਵੇਂ ਡੇਰਾ ਪ੍ਰੇਮੀ), ਹੌਲਦਾਰ ਮਨੋਜ ਕੁਮਾਰ ਅਤੇ ਹੌਲਦਾਰ ਸ਼ਿਆਮ ਲਾਲ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਪਰਿਵਾਰ ਨੂੰ ਮੌਕੇ ਤੇ ਹੀ ਇੱਕ ਮਹੀਨੇ ਦਾ ਲੋੜੀਦਾ ਰਾਸ਼ਨ ਆਪਣੀ ਜੇਬ ਵਿੱਚੋਂ ਲਿਆ ਕੇ ਦਿੱਤਾ ਅਤੇ ਇਸ ਦੇ ਨਾਲ ਹੀ ਅੱਗੇ ਤੋਂ ਪਰਿਵਾਰ ਦੇ ਦੋਨਾਂ ਜੀਆਂ ਨੂੰ ਆਪਸੀ ਪਿਆਰ ਨਾਲ ਰਹਿਣ ਦੀ ਨਸੀਹਤ ਵੀ ਦਿੱਤੀ। ਇਸ ਨੇਕ ਕਾਰਜ਼ ਲਈ ਪੰਜਾਬ ਪੁਲਿਸ ਦੀ ਪੀਸੀਆਰ ਟੀਮ ਦਾ ਜਿੱਥੇ ਪਰਿਵਾਰ ਨੇ ਧੰਨਵਾਦ ਕੀਤਾ ਉੱਥੇ ਹੀ ਇਸ ਕਾਰਜ ਦੀ ਚੌਤਰਫਾ ਤਰੀਫ ਹੋ ਰਹੀ ਹੈ।

