ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ: ਪ੍ਰਗਿਆ ਜੈਨ ਐਸ.ਐਸ.ਪੀ., ਜਿੰਨ੍ਹਾਂ ਨੂੰ ਨਵੀਂਆਂ ਪੈੜ੍ਹਾਂ ਪਾਉਣ ਵਾਲੇ ਅਫ਼ਸਰ ਵਜੋਂ ਜਾਣਿਆਂ ਜਾਂਦਾ ਹੈ, ਜੋ ਹਮੇਸ਼ਾ ਜਨਤਾ ਦੇ ਨਾਲ ਨਿੱਜੀ ਤੌਰ ’ਤੇ ਜੁੜ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਉਹਨਾ ਦੀਆਂ ਕਾਰਵਾਈਂਆਂ ਨਾ ਸਿਰਫ ਕਾਨੂੰਨੀ ਪੱਧਰ ਤੱਕ ਸੀਮਿਤ ਹਨ, ਸਗੋਂ ਉਹ ਹਰ ਸਮਾਜਿਕ ਪੱਖ ਨੂੰ ਵੀ ਉਤਨੀ ਹੀ ਗੰਭੀਰਤਾ ਨਾਲ ਲੈਂਦੇ ਹਨ। ਫਰੀਦਕੋਟ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਇੱਕ ਮਹਿਲਾ ਨਾਲ ਬਜ਼ਾਰ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਜਿਵੇਂ ਹੀ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਆਈ, ਫਰੀਦਕੋਟ ਪੁਲਿਸ ਵੱਲੋਂ ਤੁਰਤ ਅਤੇ ਫੁਰਤੀ ਨਾਲ ਕਾਰਵਾਈ ਕਰਦਿਆਂ ਸਿਰਫ ਕੁਝ ਘੰਟਿਆਂ ਵਿੱਚ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਦੋਸ਼ੀਆਂ ਵੱਲੋਂ ਜਿਸ ਮਹਿਲਾ ਨਾਲ ਪਰਸ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਮਹਿਲਾ ਊਸ਼ਾ ਕੌਸ਼ਲ ਵੱਲੋਂ ਬੇਹੱਦ ਦਿਲੇਰੀ ਅਤੇ ਹੋਂਸਲੇ ਨਾਲ ਮੁਕਾਬਲਾ ਕੀਤਾ ਗਿਆ। ਜਿਹਨਾ ਦੀ ਦਿਲੇਰੀ ਅਤੇ ਹੌਸਲੇ ਦੀ ਪ੍ਰਸੰਸਾ ਕਰਨ ਲਈ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਵੱਲੋਂ ਖੁਦ ਉਸ ਮਹਿਲਾ ਊਸ਼ਾ ਕੌਸ਼ਲ ਅਤੇ ਉਸਦੇ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਾ ਕੇਵਲ ਪਰਿਵਾਰ ਦੀ ਹੌਸਲਾ ਅਫਜਾਈ ਕੀਤੀ, ਸਗੋਂ ਇਹ ਵੀ ਯਕੀਨ ਦਿਵਾਇਆ ਕਿ ਫਰੀਦਕੋਟ ਪੁਲਿਸ ਸਦੈਵ ਜਨਤਾ ਦੀ ਸੁਰੱਖਿਆ ਅਤੇ ਨਿਆਂ ਲਈ ਵਚਨਬੱਧ ਹੈ। ਉਸ ਮਹਿਲਾ ਅਤੇ ਉਸਦੇ ਪਰਿਵਾਰਿਕ ਮੈਬਰਾਂ ਵੱਲੋਂ ਪੁਲਿਸ ਦੀ ਤੁਰਤ ਕਾਰਵਾਈ ਅਤੇ ਡਾ. ਪ੍ਰਗਿਆ ਜੈਨ ਦਾ ਵਿਅਕਤੀਗਤ ਤੌਰ ’ਤੇ ਧੰਨਵਾਦ ਕੀਤਾ ਗਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਇਸ ਮਾਮਲੇ ਵਿੱਚ ਵਧੀਆਂ ਕਾਰਗੁਜਾਰੀ ਨਿਭਾਉਣ ਵਾਲੀਆਂ ਪੀ.ਸੀ.ਆਰ. ਪਾਰਟੀਆਂ ਅਤੇ ਥਾਣਾ ਸਿਟੀ ਫਰੀਦਕੋਟ ਦੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ।