ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਬਾਰੇ ਕਿਸਾਨਾਂ ਨਾਲ ਕੀਤੀ ਵਿਚਾਰ ਚਰਚਾ
ਫਰੀਦਕੋਟ , 13 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਫਸਲੀ ਰਹਿੰਦ ਖੂੰਹਦ ਸੰਭਾਲ ਸਕੀਮ ਤਹਿਤ ਜ਼ਿਲਾ ਪ੍ਰਸ਼ਾਸ਼ਣ ਵਲੋਂ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਿਣ ਮੁਕਤ ਬਣਾਉਣ ਲਈ ਆਰੰਭੀ ਮਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਪੰਜਗਰਾਈਂ ਕਲਾਂ ’ਚ ਕਿਸਾਨਾਂ ਨਾਲ ’ਚ ਚਰਚਾ ਲਈ ਵਿਸੇਸ ਕੈਂਪ ਲਾਇਆ ਗਿਆ। ਕੈਂਪ ’ਚ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਸਾਨਾਂ ਅਤੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸਨਰ ਨੇ ਕਿਹਾ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਵੀ ਮਿਆਰੀ ਹੋਵੇਗਾ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋਂ ਅੱਗ ਲੱਗਣ ਕਾਰਨ ਖਤਮ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਨਾਂ ਖੁਰਾਕੀ ਤੱਤਾਂ ਨੂੰ ਜਮੀਨ ਵਿਚ ਵਾਪਿਸ ਕਰਨ ਦੀ ਜਰੂਰਤ ਹੈ ਤਾਂ ਜੋ ਖੁਰਾਕੀ ਤੱਤਾਂ ਨਾਲ ਭਰਪੂਰ ਅਨਾਜ ਪੈਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਸਬਸਿਡੀ ’ਤੇ ਦਿੱਤੀ ਜਾ ਰਹੀ ਹੈ ਅਤੇ ਹਾਟ ਸਪਾਟ ਪਿੰਡਾਂ ਲਈ ਆਨਲਾਈਨ ਪੋਰਟਲ ਦੁਬਾਰਾ ਖੋਲਿਆ ਜਾ ਰਿਹਾ ਹੈ, ਜਿਥੇ ਖੇਤੀ ਮਸ਼ੀਨਰੀ ਲੈਣ ਦਾ ਚਾਹਵਾਨ ਕਿਸਾਨ ਅਪਲਾਈ ਕਰ ਸਕਦਾ ਹੈ। ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਪੰਜਗਰਾਈਂ ’ਚ ਪਿਛਲੇ ਸਾਲ ਪਰਾਲੀ ਨੂੰ ਅੱਗ ਲੱਗਣ ਦੀਆਂ 55 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਤੇ ਜਿਲਾ ਫਰੀਦਕੋਟ ’ਚ ਤੀਜੇ ਨੰਬਰ ’ਤੇ ਸੀ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਖੁਰਾਕੀ ਤੱਤਾਂ ਨਾਲ ਭਰਪੂਰ ਕੁਦਰਤੀ ਖਜਾਨਾ ਹੈ। ਉਨਾਂ ਕਿਹਾ ਕਿ ਇਕ ਏਕੜ ਵਿੱਚੋਂ ਤਕਰੀਬਨ 3 ਟਨ ਪਰਾਲੀ ਪੈਦਾ ਹੁੰਦੀ ਹੈ ਜੇਕਰ ਇਸ ਨੂੰ ਖੇਤ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ 1200 ਕਿਲੋ ਜੈਵਿਕ ਮਾਦਾ, 16.5 ਕਿਲੋ ਨਾਈਟ੍ਰੋਜਨ,6.9 ਕਿਲੋ ਫਾਸਫੋਰਸ, 62.5 ਕਿਲੋ ਪੋਟਾਸ ਅਤੇ 3.6ਕਿਲੋ ਸਲਫਰ ਮਿੱਟੀ ਨੂੰ ਮਿਲ ਜਾਂਦੀ ਹੈ ਜਿਸ ਦੀ ਕੁਲ ਕੀਮਤ ਤਕਰੀਬਨ 16 ਹਜਾਰ ਬਣਦੀ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਆਰਥਿਕ ਨੁਕਸਾਨ ਦੇ ਨਾਲ ਨਾਲ ਵਾਤਾਵਰਨ ਦਾ ਵੀ ਨੁਕਸਾਨ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਚਾਲੂ ਸਾਲ 2024-25 ਦੌਰਾਨ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ਤੇ ਲਿਜਾਣ ਲਈ ਵੱਡੀ ਪੱਧਰ ਤੇ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਸੁੱਧ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਜਿਲਾ ਫਰੀਦਕੋਟ ਨੂੰ ਨਮੂਨੇ ਦਾ ਜਿਲਾ ਬਣਾਇਆ ਜਾ ਸਕੇ। ਡਾ. ਨਿਸਾਨ ਸਿੰਘ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਮਿੱਟੀ ਪਾਣੀ ਪਰਖ ਦੀ ਮਹੱਤਤਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ, ਝੋਨੇ/ਬਾਸਮਤੀ ਦੀ ਮੌਜੂਦਾ ਸਥਿਤੀ ਅਤੇ ਅੱਗੇ ਆਉਣ ਵਾਲੀਆ ਬਿਮਾਰੀਆ/ਕੀੜੇ-ਮਕੌੜਿਆ ਦੇ ਹਮਲੇ ਤੇ ਰੋਕਥਾਮ ਸੰਬੰਧੀ ਅਤੇ ਝੋਨੇ ਦਾ ਮਿਆਰੀ ਬੀਜ ਪੈਦਾ ਕਰਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਆਮ ਨਾਗਰਿਕਾਂ ਵਲੋਂ ਰੋਜਮਰਾ ਜਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ, ਜਿਸ ਦਾ ਮੌਕੇ ਤੇ ਹੱਲ ਕਰ ਦਿੱਤਾ ਗਿਆ। ਇਸ ਕੈਂਪ ਵਿੱਚ ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਇੰਜੀ. ਅਕਸਤਿ ਜੈਨ ਸਹਾਇਕ ਖੇਤੀਬਾੜੀ ਇੰਜੀਨਿਅਰ, ਡਾ. ਨਿਸ਼ਾਨ ਸਿੰਘ ਭੁੱਲਰ, ਆਰ ਜੀ ਆਰ ਸੈਲ ਤੋਂ ਰਮਨ ਕੁਮਾਰ, ਪਰਦੀਪ ਕੁਮਾਰ,ਜਲਿਾ ਕੋਆਰਡੀਨੇਟਰ ਡਾ. ਲਖਵਿੰਦਰ ਸਿੰਘ , ਕੇਵਲ ਸਿੰਘ ਬਰਾੜ, ਕੋਮਲ ਸਿੰਘ ਚਹਿਲ, ਅਰਸ਼ ਸੰਧੂ, ਸੰਜੀਵ ਕੁਮਾਰ, ਰਾਜਾ ਸਰਪੰਚ, ਬਿਰਸਾ ਸਰਪੰਚ, ਜੱਗੀ ਖੀਵਾ, ਬਲਵਿੰਦਰ ਸਰਾਂ ਮੈਂਬਰ, ਗੁਰਾ ਸਿੰਘ ਮੈਂਬਰ, ਜਥੇਦਾਰ ਬਲਦੇਵ ਸਿੰਘ, ਪਰਮਜੀਤ ਸਿੰਘ ਜਥੇਦਾਰ, ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਔਰਤਾਂ ਹਾਜਰ ਸਨ।