ਸ਼ਹਿਰ ਅੰਦਰ ਯੈਲੋ ਲਾਈਨ ਤੋਂ ਅੱਗੇ ਵਹੀਕਲ ਪਾਰਕ ਕਰਨ ਵਾਲੇ ਵਾਹਨਾ ਦੇ ਕੀਤੇ ਜਾਣਗੇ ਚਲਾਨ : ਐਸ.ਐਸ.ਪੀ
ਸਥਾਨਕ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਇਸ ਕਦਮ ਦੀ ਕੀਤੀ ਗਈ ਖੁੱਲ ਕੇ ਸ਼ਲਾਘਾ
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਟਿੱਲਾ ਬਾਬਾ ਫਰੀਦ ਨੂੰ ਜਾਂਦੇ ਰਸਤੇ, ਜਿੱਥੇ ਕਦੇ ਟ੍ਰੈਫਿਕ ਜਾਮ ਅਤੇ ਗਲਤ ਪਾਰਕਿੰਗ ਦੇ ਕਾਰਨ ਹਰ ਰੋਜ਼ ਸੰਗਤ ਅਤੇ ਸਥਾਨਕ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਟ੍ਰੈਫਿਕ ਵਿਵਸਥਾ ਨੂੰ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਫਰੀਦਕੋਟ ਟ੍ਰੈਫਿਕ ਪੁਲਿਸ ਵੱਲੋਂ ਟਿੱਲਾ ਬਾਬਾ ਫਰੀਦ ਨੂੰ ਜਾਦੇ ਰਸਤੇ ਪਰ ਪੀਲੀ ਪੱਟੀ (ਯੈਲੋ ਲਾਈਨ) ਲਾਈ ਗਈ ਹੈ। ਇਸ ਥਾਂ ਉੱਤੇ ਵਹੀਕਲਾਂ ਦੀ ਗਲਤ ਪਾਰਕਿੰਗ ਕਾਰਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੰਸਪੈਕਟਰ ਵਕੀਲ ਸਿੰਘ ਇੰਚਾਰਜ ਟ੍ਰੈਫਿਕ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਕਮੇਟੀ ਅਤੇ ਦੁਕਾਨਦਾਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਹ ਲਾਈਨ ਲਵਾਈ ਗਈ ਹੈ। ਉਹਨਾ ਕਿਹਾ ਕਿ ਪੀਲੀਆਂ ਲਾਈਨਾਂ ਤੋ ਅੱਗੇ ਵਹੀਕਲ ਪਾਰਕ ਕਰਨ ਵਾਲੇ ਵਹੀਕਲਾ ਦੇ ਚਲਾਨ ਕੀਤੇ ਜਾਣਗੇ। ਇਸੇ ਸਬੰਧੀ ਸਥਾਨਿਕ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਉਹ ਆਪਣਾ ਸਮਾਨ ਇਸ ਪੀਲੀ ਲਾਈਨ ਤੋਂ ਪਿੱਛੇ ਹੀ ਰੱਖਣ, ਜਦਕਿ ਆਮ ਪਬਲਿਕ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਨੇ ਦੱਸਿਆ ਕਿ ਟਿੱਲਾ ਬਾਬਾ ਫਰੀਦ ਆਉਣ ਵਾਲੀ ਸੰਗਤ ਅਤੇ ਸਥਾਨਕ ਨਿਵਾਸੀਆਂ ਨੂੰ ਆਏ ਦਿਨ ਟ੍ਰੈਫਿਕ ਦੀ ਭੀੜ ਅਤੇ ਬੇਤਰਤੀਬੀ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਜਿਸ ਕਾਰਨ ਸਥਾਨਕ ਦੁਕਾਨਦਾਰਾ ਅਤੇ ਆਉਣ ਵਾਲੀ ਸੰਗਤ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਦਾ ਸੀ। ਹੁਣ ਫਰੀਦਕੋਟ ਪੁਲਿਸ ਵੱਲੋਂ ਸਥਾਨਿਕ ਦੁਕਾਨਦਾਰਾ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਰਸਤੇ ਦੇ ਦੋਹੇ ਪਾਸੇ ਪੀਲੀਆਂ ਲਾਈਨਾਂ ਲਾਈਆਂ ਗਈਆਂ ਹਨ, ਤਾਂ ਜੋ ਰਸਤੇ ਉੱਪਰ ਗਲਤ ਪਾਰਕਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਟ੍ਰੈਫਿਕ ਦੇ ਪ੍ਰਬੰਧਨ ਨੂੰ ਸੁਚੱਜਾ ਬਣਾਏਗਾ, ਸਗੋਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਰਾਹ ਖੁੱਲ੍ਹਾ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਪਾਰਕ ਕਰਨ ਲਈ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ। ਸਥਾਨਕ ਦੁਕਾਨਦਾਰਾਂ ਵੱਲੋਂ ਫਰੀਦਕੋਟ ਪੁਲਿਸ ਦੇ ਇਸ ਕਦਮ ਦੀ ਖੁੱਲ ਕੇ ਸ਼ਲਾਘਾ ਕੀਤੀ ਗਈ। ਉਹਨਾ ਕਿਹਾ ਕਿ ਰਿਹਾਇਸ਼ੀ ਏਰੀਆਂ ਹੋਣ ਕਰਕੇ ਵਹੀਕਲ ਖੜੇ ਹੋਣ ਕਾਰਨ ਇੱਥੇ ਕਿਸੇ ਸਮੇਂ ਵੀ ਕੋਈ ਵੀ ਐਮਰਜੈਂਸੀ ਦੀ ਸਥਿੱਤੀ ਵਿੱਚ ਦਿੱਕਤ ਪੈਦਾ ਹੋ ਜਾਂਦੀ ਸੀ, ਹੁਣ ਯੈਲੋ ਲਾਈਨ ਦੇ ਲੱਗਣ ਨਾਲ ਕਾਫੀ ਮੱਦਦ ਮਿਲੇਗੀ ਅਤੇ ਉਹਨਾ ਕਿਹਾ ਕਿ ਉਹ ਆਪ ਵੀ ਆਪਣਾ ਸਮਾਨ ਇਹਨਾਂ ਲਾਈਨਾ ਤੋ ਪਿੱਛੇ ਹੀ ਰੱਖਣਗੇ।