ਕੋਟਕਪੂਰਾ, 18 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ-ਸਾਦਿਕ ਰੋਡ ’ਤੇ ਬੀਤੀ ਦੇਰ ਸ਼ਾਮ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨਬਾਲਗ ਵਿਦਿਆਰਥੀਆਂ ਦੀ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ। ਬਾਰਵੀਂ ਜਮਾਤ ਦੇ ਟਿਊਸ਼ਨ ਤੋਂ ਵਾਪਸ ਪਰਤ ਰਹੇ ਵਿਦਿਆਰਥੀਆਂ ਦੀ ਪਛਾਣ ਪਿੰਡ ਝੋਟੀਵਾਲਾ ਦੇ ਵਸਨੀਕ ਹਰਸਾਂਝ ਸਿੰਘ ਅਤੇ ਧੀਰਜ ਦੇ ਰੂਪ ਵਿੱਚ ਹੋਈ ਹੈ, ਦੋਨੋਂ ਵਿਦਿਆਰਥੀਆਂ ਦੀ ਉਮਰ 17-17 ਸਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸਾਂਝ ਸਿੰਘ ਆਪਣੇ ਪਿੰਡ ਵਿੱਚ ਨਾਨਕੇ ਘਰ ਰਹਿੰਦੇ ਧੀਰਜ ਨਾਲ ਰੋਜਾਨਾ ਦੀ ਤਰਾਂ ਫਰੀਦਕੋਟ ਟਿਊਸ਼ਨ ਦੀ ਪੜਾਈ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ, ਜਦੋਂ ਉਹ ਸਾਦਿਕ ਰੋਡ ’ਤੇ ਸਥਿੱਤ ਫੋਜੀ ਛਾਉਣੀ ਨੇੜੇ ਪੁੱਜੇ ਤਾਂ ਛਾਉਣੀ ਦੇ ਗੇਟ ਕੋਲ ਸਾਹਮਣੇ ਤੋਂ ਆ ਰਹੇ ਇਕ ਫੋਜੀ ਟਰੱਕ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਦੀ ਲਪੇਟ ਵਿੱਚ ਆ ਕੇ ਦੋਨੋਂ ਲੜਕੇ ਟਰੱਕ ਦੇ ਟਾਇਰ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੇ ਗਏ। ਪ੍ਰਤੱਖਦਰਸ਼ੀਆਂ ਮੁਤਾਬਿਕ ਹਰਸਾਂਝ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜਖਮੀ ਧੀਰਜ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰਤ ਲੁਧਿਆਣਾ ਲਈ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਨੂੰ ਵੀ ਬਚਾਇਆ ਨਾ ਜਾ ਸਕਿਆ। ਡੀਐਸਪੀ ਨਵੀਨ ਕੁਮਾਰ ਨੇ ਆਖਿਆ ਕਿ ਮਿ੍ਰਤਕਾਂ ਦੇ ਵਾਰਸਾਂ ਦੇ ਬਿਆਨਾ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰਕੇ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

