ਗੁਰੂ ਨਾਨਕ ਮਿਸ਼ਨ ਸਕੂਲ ’ਚ ਕਰਵਾਇਆ ਗਿਆ ਟ੍ਰੈਫਿਕ ਜਾਗਰੂਕਤਾ ਸੈਮੀਨਾਰ!

ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਇਕਾਈ ਫਰੀਦਕੋਟ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਵਾਜਾਈ ਦੇ ਨਿਯਮਾ ਸਬੰਧੀ ਕਰਵਾਏ ਗਏ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਜਤਿੰਦਰ ਸਿੰਘ ਚੋਪੜਾ ਡੀਐਸਪੀ ਕੋਟਕਪੂਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਉਹ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਦਿਆਂ ਪੁਲਿਸ ਤੋਂ ਬਚ ਕੇ ਭੱਜਣ ਦੀ ਕੌਸ਼ਿਸ਼ ਕਰਨਗੇ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਰਜਾਮੰਦੀ ਤੋਂ ਬਿਨਾ ਕਦੇ ਵੀ ਵਾਹਨ ਚਲਾਉਣ ਦੀ ਜਿੱਦ ਨਾ ਕਰੋ। ਉਹਨਾਂ ਅੰਕੜਿਆਂ ਸਹਿਤ ਅਨੇਕਾਂ ਉਦਾਹਰਨਾਂ ਦੇ ਕੇ ਦਲੀਲ ਨਾਲ ਸਮਝਾਉਂਦਿਆਂ ਆਖਿਆ ਕਿ ਹੁਣ ਕਾਨੂੰਨ ਸਖਤ ਹੋ ਚੁੱਕਾ ਹੈ, ਸਰਕਾਰ ਅਤੇ ਅਦਾਲਤਾਂ ਵਲੋਂ ਸਖਤ ਹਦਾਇਤਾਂ ਆ ਚੁੱਕੀਆਂ ਹਨ, ਇਸ ਲਈ ਟੈ੍ਰਫਿਕ ਨਿਯਮਾ ਦੀ ਉਲੰਘਣਾ ਤੁਹਾਨੂੰ ਕਿਸੇ ਵੀ ਮੁਸੀਬਤ ਵਿੱਚ ਪਾ ਸਕਦੀ ਹੈ। ਟੈ੍ਰਫਿਕ ਐਜੂਕੇਸ਼ਨ ਸੈੱਲ ਵਲੋਂ ਆਏ ਜਿਲਾ ਇੰਚਾਰਜ ਐਸ.ਆਈ. ਵਕੀਲ ਸਿੰਘ ਬਰਾੜ ਅਤੇ ਕੋਆਰਡੀਨੇਟਰ ਬਲਕਾਰ ਸਿੰਘ ਏ.ਐੱਸ.ਆਈ. ਨੇ ਸਰਕਾਰ ਦੇ ਟੈ੍ਰਫਿਕ ਸਬੰਧੀ ਆਏ ਨਵੇਂ ਕਾਨੂੰਨਾ, ਮਾਨਯੋਗ ਅਦਾਲਤ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜੇਕਰ ਕੋਈ ਨਬਾਲਗ ਲੜਕਾ-ਲੜਕੀ ਵਾਹਨ ਚਲਾਉਂਦਾ ਕਾਬੂ ਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ 25 ਹਜਾਰ ਰੁਪਏ ਜੁਰਮਾਨਾ ਅਤੇ ਤਿੰਨ ਸਾਲ ਦੀ ਸਜਾ ਹੋ ਸਕਦੀ ਹੈ। ਉਹਨਾਂ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਨਾਲ ਹੋਣ ਵਾਲੇ ਨੁਕਸਾਨ ਅਤੇ ਸਜਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਬੱਚਿਆਂ ਨੂੰ ਪੜਾਈ ਵਿੱਚ ਵੱਧ ਤੋਂ ਵੱਧ ਦਿਲਚਸਪੀ ਲੈਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਕਈ ਵਾਰ ਬੱਚਿਆਂ ਵਲੋਂ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਦਾ ਖਮਿਆਜਾ ਉਹਨਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਸਕਦਾ ਹੈ, ਕਿਉਂਕਿ ਬੱਚਿਆਂ ਦੀ ਅਣਗਹਿਲੀ ਤੋਂ ਬਾਅਦ ਮਾਪੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿੰਨਤ ਕਰਨ ਲਈ ਮਜਬੂਰ ਹੁੰਦੇ ਹਨ। ਜਥੇਬੰਦੀ ਦੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਪਿਛਲੇ ਸਮੇਂ ਵਿੱਚ ਨਬਾਲਗ ਬੱਚਿਆਂ ਦੀ ਅਣਗਹਿਲੀ ਕਾਰਨ ਵਾਪਰੇ ਅਫਸੋਸਨਾਕ ਹਾਦਸਿਆਂ ਤੋਂ ਜਾਣੂ ਕਰਵਾਇਆ। ਉਹਨਾ ਦੱਸਿਆ ਕਿ ਮਾਪਿਆਂ ਨੂੰ ਆਪਣੇ ਬੇਟੇ/ਬੇਟੀ ਦੀ ਸਕੂਲ ਤੋਂ ਸੁਰੱਖਿਅਤ ਵਾਪਸੀ ਦੀ ਉਡੀਕ ਹੁੰਦੀ ਹੈ ਪਰ ਜੇਕਰ ਕੋਈ ਅਫਸੋਸਨਾਕ ਖਬਰ ਮਿਲੇ ਤਾਂ ਮਾਪਿਆਂ ਲਈ ਉਹ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਜਥੇਬੰਦੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ, ਜਦਕਿ ਸਕੂਲ ਮੁਖੀ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ/ਸਕੱਤਰ ਕਰਨੈਲ ਸਿੰਘ ਤੇ ਮੈਨੇਜਰ ਪਰਮਜੀਤ ਕੌਰ ਸਮੇਤ ਸਮੁੱਚੇ ਸਟਾਫ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਕਰਦਿਆਂ ਇੰਗਲਿਸ਼ ਅਧਿਆਪਕਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾ ਸਮੇਤ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਏਐਸਆਈ ਮਨਦੀਪ ਸਿੰਘ, ਕੁਲਵੰਤ ਸਿੰਘ, ਜਗਦੀਸ਼ ਕੁਮਾਰ (ਸਾਰੇ ਏਐਸਆਈ) ਸਮੇਤ ਮੇਘ ਰਾਜ ਸ਼ਰਮਾ, ਅਮਿਤ ਸ਼ਰਮਾ, ਤਰਸੇਮ ਬਿੱਟਾ ਚੋਪੜਾ, ਚੰਦਰ ਗਰਗ, ਗੁਰਦੀਪ ਸਿੰਘ ਗੋਲਡਨ, ਸੁਰਿੰਦਰ ਦਮਦਮੀ, ਟਿੰਕੂ ਕੁਮਾਰ ਕੋਟਕਪੂਰਾ ਆਦਿ ਵੀ ਹਾਜਰ ਸਨ।