ਲਾਪਰਵਾਹੀ ਨਹੀਂ ਹੋਵੇਗੀ ਬਰਦਾਸ਼ਤ , ਜ਼ਿੰਮੇਵਾਰਾਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਫਰੀਦਕੋਟ 1 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਵਿੱਚ ਸਾਦਿਕ ਚੌਕ ਤੋਂ ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਜਾਣ ਵਾਲੀ ਮੁੱਖ ਸੜਕ ਵਾਰ ਵਾਰ ਜ਼ਮੀਨ ਵਿੱਚ ਧਸਣ ਕਰਕੇ ਲੋਕਾਂ ਲਈ ਗੰਭੀਰ ਖ਼ਤਰਾ ਬਣੀ ਹੋਈ ਹੈ। ਇਹ ਸੜਕ ਹਜ਼ਾਰਾਂ ਮਰੀਜ਼ਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਮੁੱਖ ਆਵਾਜਾਈ ਦਾ ਸਾਧਨ ਹੈ, ਪਰ ਇਸ ਸੜਕ ਤੇ ਜਗ੍ਹਾ–ਜਗ੍ਹਾ ਵੱਡੇ ਖੱਡੇ ਅਤੇ ਅਚਾਨਕ ਡਿੱਗਦੇ ਹਿੱਸੇ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸੋਸ਼ਲ ਵਰਕਰ ਅਰਸ਼ ਸੱਚਰ ਨੇ ਇਸ ਗੰਭੀਰ ਮਾਮਲੇ ਨੂੰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਅਤੇ ਜ਼ਿੰਮੇਵਾਰ ਵਿਭਾਗਾਂ ਦੇ ਅਫਸਰਾਂ ਦੀ ਲਾਪਰਵਾਹੀ ਵੱਲ। ਵੀ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਿਰਫ਼ ਥੋੜ੍ਹਾ–ਬਹੁਤ ਮਿੱਟੀ ਪਾ ਕੇ ਅਸਥਾਈ ਪੈਚਵਰਕ ਕੀਤਾ ਗਿਆ ਹੈ, ਜੋ ਕੁਝ ਦਿਨਾਂ ਵਿੱਚ ਹੀ ਫੇਲ ਹੋ ਜਾਂਦਾ ਹੈ। ਇਹ “ਕੌਸਮੇਟਿਕ ਮਰੰਮਤ” ਲੋਕਾਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ।
ਅਰਸ਼ ਸੱਚਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਹੋਰ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਸਿਰਫ਼ ਸਥਾਈ ਹੱਲ ਹੀ ਕਬੂਲ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਡਿੱਗਣ ਦੇ ਕਾਰਨਾਂ ਦੀ ਵਿਸਥਾਰਪੂਰਵਕ ਟੈਕਨਿਕਲ ਜਾਂਚ ਹੋਵੇ,ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਸੜਕ ਦੀ ਤੁਰੰਤ ਸਥਾਈ ਮਰੰਮਤ/ਪੁਨਰਨਿਰਮਾਣ ਕੀਤਾ ਜਾਵੇ ਤਾਂ ਜੋ ਆਗਾਮੀ ਸਮੇਂ ਵਿੱਚ ਇਹ ਹਾਲਤ ਨਾ ਦੁਹਰਾਈ ਜਾਵੇ,ਮਰੰਮਤ ਪੂਰੀ ਹੋਣ ਤੱਕ ਹਾਦਸਿਆਂ ਤੋਂ ਬਚਾਅ ਲਈ ਰਾਤ ਸਮੇਂ ਬੈਰੀਅਰ, ਲਾਈਟਾਂ ਅਤੇ ਚੇਤਾਵਨੀ ਬੋਰਡ ਲਗਾਏ ਜਾਣ।
ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਵੱਲੋਂ ਤੁਰੰਤ ਕਾਰਵਾਈ ਹੀ ਇਸ ਸੰਕਟ ਦਾ ਇਕਲੌਤਾ ਹੱਲ ਹੈ। ਅਰਸ਼ ਸੱਚਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਤੇ ਤਰੁੰਤ ਗੌਰ ਕਰਦਿਆਂ ਅਤੇ ਇਸ ਗੰਭੀਰ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਦਫ਼ਤਰ ਨੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਆਈ.ਏ.ਐਸ. ਅਧਿਕਾਰੀ ਰਵੀ ਭਗਤ ਜੀ ਨੂੰ ਇਸ ਮਾਮਲੇ ਦੀ ਜਾਂਚ ਅਤੇ ਕਾਰਵਾਈ ਲਈ ਮਾਰਕ ਕੀਤਾ ਹੈ।