ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਚੰਦਭਾਨ ਸਥਿੱਤ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਕਰਿੰਦੇ ਦੀ ਮੌਤ ਹੋ ਗਈ ਅਤੇ ਕਰੀਬ ਡੇਢ ਲੱਖ ਰੁਪਏ ਦੀ ਸ਼ਰਾਬ ਸੜ ਗਈ। ਘਟਨਾ ਬੀਤੀ ਰਾਤ ਦੀ ਹੈ। ਠੇਕੇਦਾਰ ਵੀਰ ਚੰਦ ਗੁਪਤਾ ਅਨੁਸਾਰ ਘਟਨਾ ਬਾਬਤ ਅੱਜ ਸੁਵਖ਼ਤੇ ਉਨ੍ਹਾਂ ਕੋਲ ਪਿੰਡ ਚੰਦਭਾਨ ਦੇ ਕਿਸੇ ਬਾਸ਼ਿੰਦੇ ਦਾ ਫ਼ੋਨ ਆਇਆ। ਉਹ ਕੁਝ ਵਕਫ਼ੇ ਬਾਅਦ ਉਥੇ ਪੁੱਜੇ ਅਤੇ ਸ਼ਟਰ ਨੂੰ ਤੋੜ ਕੇ ਜਦੋਂ ਦੁਕਾਨ ਅੰਦਰ ਦਾਖ਼ਲ ਹੋਏ ਤਾਂ ਉੱਥੇ ਅੱਗ ਨਾਲ ਸਮਾਨ ਰਾਖ਼ ਹੋ ਗਿਆ ਸੀ ਅਤੇ ਕਰਿੰਦੇ ਦੀ ਧੂੰਏਂ ਨਾਲ ਕਾਲ਼ੀ ਹੋਈ ਲਾਸ਼ ਪਈ ਸੀ। ਜਾਂਚ ਮੁਤਾਬਿਕ ਸੇਲਜ਼ਮੈਨ ਨੇ ਰਾਤ ਨੂੰ ਸੌਣ ਵਕਤ ਹੀਟਰ ਚਲਾਇਆ ਹੋਇਆ ਸੀ। ਕਰਿੰਦਾ ਜਦ ਸੁੱਤਾ ਪਿਆ ਸੀ ਤਾਂ ਹੀਟਰ ਦੇ ਸੇਕ ਨਾਲ ਪੈਦਾ ਹੋਈ ਅੱਗ ਨੇ ਉਸ ਦੇ ਮੰਜੇ, ਬਿਸਤਰੇ ਸਮੇਤ ਕਾਊਂਟਰ ਅਤੇ ਲੱਕੜ ਦੀਆਂ ਅਲਮਾਰੀਆਂ ਨੂੰ ਆਪਣੀ ਗਿ੍ਰਫ਼ਤ ’ਚ ਲੈ ਲਿਆ। ਅੱਗ ਨਾਲ ਤਿੜਕ ਕੇ ਕੱਚ ਦੀਆਂ ਬੋਤਲਾਂ, ਅਧੀਏ ਤੇ ਪਊਆਂ ’ਚੋਂ ਸ਼ਰਾਬ ਡੁੱਲ੍ਹਣ ਲੱਗੀ ਤਾਂ ਸ਼ਰਾਬ ਵਿਚਲੇ ਅਲਕੋਹਲ ਨਾਲ ਅੱਗ ਹੋਰ ਜ਼ੋਰ ਫੜ੍ਹ ਗਈ। ਕਰਿੰਦਾ 23 ਸਾਲਾ ਅਮਿਤ ਕੁਮਾਰ ਸੀ। ਉਹ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦਾ ਬਾਸ਼ਿੰਦਾ ਸੀ ਅਤੇ ਉਹ ਕਰੀਬ ਇਕ ਸਾਲ ਤੋਂ ਇੱਥੇ ਨੌਕਰੀ ਕਰ ਰਿਹਾ ਸੀ। ਘਟਨਾ ’ਚ ਕਰੀਬ ਡੇਢ ਲੱਖ ਰੁਪਏ ਦੀ ਸ਼ਰਾਬ ਸੜ ਗਈ।