ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰ੍ਹਵੀਂ ਜਮਾਤ ਵਿੱਚ ਸ਼ਾਮਿਲ ਕੀਤੇ ਇੱਕ ਵਿਸ਼ੇ ਉੱਦਮੀ ਸਿੱਖਿਆ ਪ੍ਰੋਜੈਕਟ ਤਹਿਤ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਨੇ ਇਸ ਵਿਸ਼ੇ ਤਹਿਤ ਇੱਕ ਮੇਲੇ ਦਾ ਆਯੋਜਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੇ ਭੋਜਨ ਦੀਆਂ ਸਟਾਲਾਂ ਲਾਈਆਂ। ਜਿਸ ਵਿੱਚ ਬੱਚਿਆਂ ਨੇ ਆਪ ਚੀਜ਼ਾਂ ਤਿਆਰ ਕਰਕੇ ਪ੍ਰਦਰਸ਼ਿਤ ਕੀਤੀਆਂ। ਬੱਚਿਆਂ ਨੇ ਬਹੁਤ ਹੀ ਘੱਟ ਰੇਟ ’ਚ ਵਿੱਕਰੀ ਕੀਤੀ। ਇਸ ਮੇਲੇ ਵਿੱਚ ਬੱਚਿਆਂ ਨੇ ਕਈ ਖੇਡਾਂ ਦੀਆਂ ਸਟਾਲਾਂ ਵੀ ਲਾਈਆਂ ਤੇ ਮਹਿੰਦੀ, ਹੱਥ ਦੀਆਂ ਬਣੀਆਂ ਹੋਈਆਂ ਵਸਤੂਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਸਟਾਲਾਂ ਵੀ ਲਾਈਆਂ, ਜੋ ਕਿ ਬਹੁਤ ਹੀ ਵਾਜਬ ਰੇਟਾਂ ’ਤੇ ਸਨ। ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਖਾਣ-ਪੀਣ ਅਤੇ ਖੇਡਣ ਦੀਆਂ ਸਟਾਲਾਂ ਦਾ ਬਹੁਤ ਆਨੰਦ ਮਾਣਿਆ ਅਤੇ ਸਟਾਲਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਰਿਬਨ ਕੱਟ ਦੇ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਨਿਸ਼ਾ ਸਿੰਗਲਾ ਦੀ ਅਗਵਾਈ ਵਿੱਚ ਇਹ ਸਾਰਾ ਕਾਰਜਕ੍ਰਮ ਕੀਤਾ ਗਿਆ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ। ਕਾਮਰਸ ਜਮਾਤ ਦੇ ਵਿਦਿਆਰਥੀਆਂ ਨੇ ਬੈਂਕਿੰਗ ਸੈਕਟਰ ਨੂੰ ਸੰਭਾਲਿਆ। ਮੈਡਮ ਰਾਜਵਿੰਦਰ ਕੌਰ, ਅਧਿਆਪਕ ਪ੍ਰਦੀਪ ਕੁਮਾਰ ਅਤੇ ਸੰਦੀਪ ਸ਼ਰਮਾ ਨੇ ਮੈਨੇਜਮੈਂਟ ਨੂੰ ਬਾਖੂਬੀ ਸੰਭਾਲਿਆ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਆਯੋਜਨ ਨਾਲ ਵਿਦਿਆਰਥੀਆਂ ਵਿੱਚ ਬਿਜਨੈਸ ਮਨੈਜਮੈਂਟ, ਟੀਮ ਵਰਕ, ਸਹਿਣਸ਼ੀਲਤਾ, ਨਿਪੁੰਨਤਾ ਅਤੇ ਕਲਾ ਪੈਦਾ ਕੀਤੀ ਜਾ ਸਕਦੀ ਹੈ। ਮੈਡਮ ਨਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਦੀਵਾ ਸਜਾਉਣ, ਗਰੀਟਿੰਗ ਕਾਰਡ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਰੰਗੋਲੀ ਬਣਾਉਣ, ਬਲੈਕ ਬੋਰਡ ਸਜਾਉਣ ਅਤੇ ਕੁਕਿੰਗ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸੱਤਵੀਂ (ਰੋਜ਼) ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਾ ਅਤੇ ਟੀਮ ਵਰਕ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਹ ਸਾਰਾ ਪ੍ਰੋਗਰਾਮ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਿੱਖਿਆ ਅਤੇ ਮਨੋਰੰਜਨ ਦਾ ਸੁੰਦਰ ਮਿਲਾਪ ਸਾਬਤ ਹੋਇਆ ਅਤੇ ਸਾਰਿਆਂ ਲਈ ਯਾਦਗਾਰ ਦਿਨ ਬਣ ਗਿਆ।