ਸੈਂਪਲ ਫ਼ੇਲ ਆਉਣ ’ਤੇ ਅਦਾਲਤ ਵੱਲੋਂ ਫੈਕਟਰੀ ਮਾਲਕ ਨੂੰ ਇੱਕ ਸਾਲ ਦੀ ਕੈਦ ਤੇ ਭਾਰੀ ਜੁਰਮਾਨਾ
ਕੋਟਕਪੂਰਾ, 10 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਠੱਲ ਪਾਉਣ ਲਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਿਲਾ ਫਰੀਦਕੋਟ ਵਿਖੇ ਡਰੱਗ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਸਮੇਂ-ਸਮੇਂ ਸਿਰ ਛਾਪੇਮਾਰੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਲ 2018 ਵਿੱਚ ਡਰੱਗ ਇੰਸਪੈਕਟਰ ਫਰੀਦਕੋਟ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ ਇੱਕ ਅਚਨਚੇਤ ਚੈਕਿੰਗ ਦੌਰਾਨ ਕੋਟਕਪੂਰਾ ਦੇ ਇੱਕ ਨਾਮੀ ਹਸਪਤਾਲ ਦੇ ਅੰਦਰ ਸਥਿੱਤ ਦਾਵਾਈਆਂ ਦੀ ਦੁਕਾਨ ’ਚੋਂ ਕੁਝ ਸੈਂਪਲ ਭਰੇ ਗਏ ਸਨ। ਉਹਨਾਂ ਵਲੋਂ ਉੱਥੇ ਜੋ ਸੈਂਪਲਿੰਗ ਕੀਤੀ ਗਈ ਸੀ, ਉਸ ਵਿਚ ਦੋ ਤਰ੍ਹਾਂ ਦੇ ਸੈਂਪਲ ਲਏ ਗਏ, ਜਿੰਨਾ ਵਿੱਚ ਇੱਕ ਇੰਜੈਕਸ਼ਨ ਤੇ ਦੂਜਾ ਗੋਲੀਆਂ ਦਾ ਸੀ। ਇਹਨਾਂ ਸੈਂਪਲਾਂ ਨੂੰ ਉਹਨਾਂ ਨੇ ਡਰੱਗ ਲੈਬਾਰਟਰੀ ਵਿੱਚ ਚੈਕਿੰਗ ਲਈ ਭੇਜਿਆ ਤਾਂ ਇਹਨਾਂ ਵਿੱਚੋਂ ਇੰਜੈਕਸ਼ਨ ਦਾ ਸੈਂਪਲ ਫੇਲ ਪਾਇਆ ਗਿਆ। ਸੈਂਪਲ ਫੇਲ ਆਉਣ ਦੀ ਸਥਿਤੀ ਵਿੱਚ ਡਰੱਗ ਵਿਭਾਗ ਫਰੀਦਕੋਟ ਵੱਲੋਂ ਉਸ ਦਵਾਈਆਂ ਦੀ ਦੁਕਾਨ ਅਤੇ ਹਸਪਤਾਲ ਨੂੰ ਨੋਟਿਸ ਕੱਢਿਆ ਗਿਆ ਅਤੇ ਆਪਣੀ ਸਫਾਈ ਦੇਣ ਲਈ ਕਿਹਾ ਗਿਆ। ਹਸਪਤਾਲ ਅਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਵੱਲੋਂ ਡਰੱਗ ਵਿਭਾਗ ਦੇ ਨੋਟਿਸ ਦਾ ਜਵਾਬ ਦਿੰਦਿਆਂ ਉਸ ਫ਼ੇਲ ਸੈਂਪਲ ਦੇ ਬਿੱਲ ਪੇਸ਼ ਕੀਤੇ ਗਏ, ਜਿਸ ਵਿੱਚ ਉਹ ਇੰਜੈਕਸ਼ਨ ਕਿੱਥੋਂ ਖਰੀਦਿਆ ਗਿਆ ਸੀ, ਉਸ ਦਾ ਰਿਕਾਰਡ ਸੀ। ਉਕਤ ਰਿਕਾਰਡ ਦੇ ਅਧਾਰ ’ਤੇ ਖੁਫੀਆ ਤੌਰ ’ਤੇ ਸਬੂਤ ਇਕੱਠੇ ਕਰਦੇ ਹੋਏ ਅਤੇ ਜਾਂਚ ਕਰਦਿਆਂ ਅੱਗੇ ਤੋਂ ਅੱਗੇ ਹੋਲਸੇਲਰ ਅਤੇ ਡੀਲਰਾਂ ਦੇ ਰਿਕਾਰਡਾਂ ਨੂੰ ਫਰੋਲਦੇ ਹੋਏ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਉਸ ਫੈਕਟਰੀ ਤੱਕ ਪਹੁੰਚਣ ਵਿੱਚ ਕਾਮਯਾਬੀ ਹਾਸਲ ਕਰ ਲਈ ਜਿਸ ਥਾਂ ਉੱਤੇ ਇਹ ਇੰਜੈਕਸ਼ਨ ਬਣਿਆ ਗਿਆ ਸੀ। ਇਹ ਫੈਕਟਰੀ ਬੱਦੀ ਦੀ ਇਕ ਮੈਨਫੈਕਚਰਿੰਗ ਫਰਮ ਸੀ, ਜਿਸ ’ਤੇ ਸਬੂਤਾਂ ਦੇ ਅਧਾਰ ’ਤੇ ਮਾਨਯੋਗ ਸੀ.ਜੇ.ਐਮ. ਸ਼ੈਪੀ ਚੌਧਰੀ ਦੀ ਅਦਾਲਤ ਵਿੱਚ ਕੇਸ ਲਾਇਆ ਗਿਆ। ਮਾਨਯੋਗ ਅਦਾਲਤ ਵਿੱਚ ਇਸ ਕੇਸ ਵਿੱਚ 12 ਗਵਾਹ ਭੁਗਤਾਏ, ਜਿੰਨਾ ਵਿੱਚ 4 ਮੁੱਖ ਗਵਾਹ ਡਰੱਗ ਇੰਸਪੈਕਟਰ ਫਰੀਦਕੋਟ, ਡਰੱਗ ਇੰਸਪੈਕਟਰ ਮੋਗਾ, ਡਰੱਗ ਇੰਸਪੈਕਟਰ ਪੰਚਕੁਲਾ ਅਤੇ ਡਰੱਗ ਇੰਸਪੈਕਟਰ ਬੱਦੀ ਮੁੱਖ ਗਵਾਹ ਸਨ। ਕੇਸ ਦੇ ਦੌਰਾਨ ਅਦਾਲਤ ਵਲੋਂ ਡਰੱਗ ਲਬੋਰੇਟਰੀ ਦੇ ਐਕਸਪਰਟਾਂ ਦੀ ਵੀ ਰਾਏ ਲਈ ਗਈ, ਜਿਨਾਂ ਨੇ ਦੱਸਿਆ ਕਿ ਫ਼ੇਲ ਸੈਂਪਲ ਵਿੱਚ ਦਵਾਈ ਦੀ ਮਾਤਰਾ ਘੱਟ ਪਾਈ ਗਈ ਹੈ। ਜਿਸ ’ਤੇ ਮਾਨਯੋਗ ਸੀਜੇਐਮ ਦੀ ਅਦਾਲਤ ਵੱਲੋਂਫੈਕਟਰੀ ਮਾਲਕ ਨੂੰ ਇੱਕ ਸਾਲ ਦੀ ਕੈਦ ਤੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਅੱਗੇ ਦੱਸਿਆ ਕਿ ਸਰਕਾਰ ਨਸ਼ੇ ਪ੍ਰਤੀ ਹਰ ਦਿਨ ਸਖਤ ਹੋ ਰਹੀ ਹੈ, ਜਿਸ ’ਤੇ ਮਹਿਕਮੇ ਵੱਲੋਂ ਸਖਤੀ ਨਾਲ ਕਾਰਵਾਈ ਸੁਭਾਵਿਕ ਹੈ। ਉਹਨਾਂ ਦੱਸਿਆ ਕਿ ਅਨਾਧਿਕਾਰਿਤ ਕਲੀਨਿਕਾਂ, ਹੋਰ ਸਬੰਧਤ ਅਨਾਧਿਕਾਰਿਤ ਵਿਅਕਤੀਆਂ, ਫੈਕਟਰੀ ਮਾਲਕਾਂ ਅਤੇ ਦਵਾਈ ਵਿਕ੍ਰੇਤਾਵਾਂ ਨੂੰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਮਹਿਕਮੇ ਦੇ ਅਸਿਸਟੈਂਟ ਕਮਿਸ਼ਨਰ ਅਮਿਤ ਦੁੱਗਲ ਦੀਆਂ ਹਦਾਇਤਾਂ ਪਹਿਲਾਂ ਵੀ ਕਈ ਵਾਰ ਸਖਤ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਡਰੱਗ ਅਤੇ ਕਾਸਮੈਟਿਕ ਐਕਟ ਦੀਆਂ ਸ਼ਰਤਾਂ ਨੂੰ ਪੂਰਨ ਰੂਪ ਵਿਚ ਅਮਲ ’ਚ ਲਿਆਉਣ।
