
ਸੰਗਰੂਰ 15 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਸੰਗਰੂਰ ਵਿਖੇ ਅੱਜ ਤਿੰਨ ਰੋਜ਼ਾ ਵਾਤਾਵਰਣ ਮਹਾਂਉਤਸਵ ਦੀ ਸ਼ੁਰੂਆਤ ਹੋਈ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਇਹ ਉਤਸਵ Society for Promotion of Science & Technology in India (SPSTI) ਵੱਲੋਂ Punjab State Council for Science & Technology, Chandigarh ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ Environment Education Programme ਤਹਿਤ ਕਰਵਾਇਆ ਜਾ ਰਿਹਾ ਹੈ।
ਵਾਤਾਵਰਣ ਮਹਾਂਉਤਸਵ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਹੁਲ ਚਾਬਾ IAS ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਤੇ ਪਰਾਲੀ ਸਾੜਨ ’ਤੇ ਕਾਬੂ ਪਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਮੱਸਿਆ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ “ਗ੍ਰੀਨ ਐਂਬੈਸਡਰ” ਬਣਨ ਦੀ ਅਪੀਲ ਕੀਤੀ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਤਰਵਿੰਦਰ ਕੌਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ SPSTI ਵੱਲੋਂ ਵਾਤਾਵਰਣ ਜਾਗਰੂਕਤਾ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਉਦਘਾਟਨ ਸਮਾਰੋਹ ਵਿੱਚ ਡਾ. ਕੁਲਬੀਰ ਬਾਠ, ਸੰਯੁਕਤ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ; ਡਾ. ਆਰ. ਕੇ. ਕੋਹਲੀ, ਸਾਬਕਾ ਵਾਈਸ ਚਾਂਸਲਰ, ਕੇਂਦਰੀ ਯੂਨੀਵਰਸਿਟੀ ਬਠਿੰਡਾ; ਸ਼੍ਰੀ ਧਰਮਵੀਰ IAS ਰਿਟਾ:, ਸਾਬਕਾ ਮੁੱਖ ਸਕੱਤਰ ਹਰਿਆਣਾ ਅਤੇ ਪ੍ਰਧਾਨ SPSTI; ਪ੍ਰੋ. ਕਾਇਆ ਧਰਮਵੀਰ, ਜਨਰਲ ਸਕੱਤਰ SPSTI ਅਤੇ ਸਾਬਕਾ ਪ੍ਰੋਫੈਸਰ ਫਿਜ਼ਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ; ਡਾ. ਆਰ. ਕੇ. ਗੋਇਲ, ਚੇਅਰਮੈਨ ਆਸਰਾ ਗਰੁੱਪ ਆਫ ਕਾਲਜਜ਼; ਸ਼੍ਰੀ ਜਗਜੀਤ ਸਿੰਘ ਧੂਰੀ, ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ; ਸ਼੍ਰੀ ਅਚਵਿੰਦਰ ਦੇਵ ਗੋਇਲ, ਪ੍ਰਧਾਨ ਵਿਦਿਆ ਭਾਰਤੀ ਸੰਗਰੂਰ; ਸ਼੍ਰੀ ਤਰਸੇਮ ਬਾਵਾ, ਸਾਬਕਾ ਡੀ.ਈ.ਓ.; ਪ੍ਰਿੰਸੀਪਲ ਗੁਰਵਿੰਦਰ ਸਿੰਘ ਐਸ.ਓ.ਈ ਛਾਜਲੀ ਪ੍ਰਿੰਸੀਪਲ ਭਾਰਤ ਭੂਸ਼ਣ ਐਸ.ਓ.ਈ. ਦਿੜ੍ਹਬਾ ਅਤੇ ਅਰੁਣ ਗਰਗ ਬਲਾਕ ਨੋਡਲ ਅਫਸਰ ਮੂਣਕ ਸਮੇਤ ਉੱਘੇ ਕਵੀ ਬਲਵਿੰਦਰ ਲੱਖੇਵਾਲ ਮੌਜੂਦ ਸਨ।
ਡਾ. ਆਰ. ਕੇ. ਕੋਹਲੀ ਨੇ “ਵਿਦਿਆਰਥੀਆਂ ਵਿੱਚ ਉਭਰ ਰਹੀਆਂ ਸਿਹਤ ਸਮੱਸਿਆਵਾਂ ਅਤੇ ਜੀਵਨ ਸ਼ੈਲੀ” ਵਿਸ਼ੇ ’ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੰਤੁਲਿਤ ਜੀਵਨ ਜਾਂਚ, ਘੱਟ ਸਰੀਰਕ ਗਤੀਵਿਧੀਆਂ ਤੇ ਪ੍ਰਦੂਸ਼ਿਤ ਵਾਤਾਵਰਣ ਵਿਦਿਆਰਥੀਆਂ ਦੀ ਸਿਹਤ ਉੱਤੇ ਗੰਭੀਰ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਦੀ ਗੱਲਬਾਤ ਨੂੰ ਵਿਦਿਆਰਥੀਆਂ ਵੱਲੋਂ ਖੂਬ ਪਸੰਦ ਕੀਤਾ ਗਿਆ।
ਪਹਿਲੇ ਦਿਨ ਦੀਆਂ ਗਤੀਵਿਧੀਆਂ ਵਿੱਚ ਨੇਚਰ ਵਾਕ ਅਤੇ , “A Movement for Ecological Conservation” ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ, ਅਤੇ ਟੈਲੀਸਕੋਪ ਮੇਕਿੰਗ ਵਰਕਸ਼ਾਪ ਸ਼ਾਮਲ ਸਨ। ਵਿਦਿਆਰਥੀਆਂ ਨੇ ਖੁਦ ਆਪਣੇ ਟੈਲੀਸਕੋਪ ਤਿਆਰ ਕੀਤੇ ਤੇ ਉਨ੍ਹਾਂ ਰਾਹੀਂ ਆਕਾਸ਼ੀ ਵਸਤੂਆਂ ਦਾ ਅਧਿਐਨ ਕੀਤਾ। ਇਸ ਨਾਲ ਉਨ੍ਹਾਂ ਵਿੱਚ ਵਿਗਿਆਨ ਪ੍ਰਤੀ ਜਿਗਿਆਸਾ ਤੇ ਉਤਸ਼ਾਹ ਵਧਿਆ।
ਕਵੀ ਬਲਵਿੰਦਰ ਲੱਖੇਵਾਲ ਨੇ ਪੰਜਾਬ ਦੇ ਅਲੋਪ ਹੋ ਰਹੇ ਰਵਾਇਤੀ ਦਰੱਖਤਾਂ ’ਤੇ ਲਿਖੀ ਕਵਿਤਾ ਪੇਸ਼ ਕੀਤੀ, ਜਿਸ ਨੂੰ ਦਰਸ਼ਕਾਂ ਤੇ ਮਹਿਮਾਨਾਂ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ।
ਗਿਆਰਵੀਂ ਜਮਾਤ ਦੀ ਵਿਦਿਆਰਥਣ ਗੁਨਗੁਨ ਨੇ ਕਿਹਾ ਕਿ “ਨੇਚਰ ਵਾਕ ਦੌਰਾਨ ਦਰੱਖਤਾਂ ਤੇ ਪ੍ਰਕਿਰਤੀ ਨਾਲ ਜੁੜਨ ਦਾ ਤਜਰਬਾ ਬਹੁਤ ਹੀ ਸ਼ਾਨਦਾਰ ਰਿਹਾ।”
ਮਹਾਂਉਤਸਵ ਦੇ ਪਹਿਲੇ ਦਿਨ ਦੀਆਂ ਗਤੀਵਿਧੀਆਂ ਨੂੰ ਭਰਭੂਰ ਹੁੰਗਾਰਾ ਮਿਲਿਆ ਜਿਸ ਨਾਲ ਅਗਲੇ ਦੋ ਦਿਨਾਂ ਲਈ ਵਾਤਾਵਰਣ ਸੁਰੱਖਿਆ ਤੇ ਸਥਿਰ ਵਿਕਾਸ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।

