ਫ਼ਰੀਦਕੋਟ 07 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਸਥਾਨਕ ਸਹਾਇਕ ਕਮਿਸ਼ਨਰ (ਜਨਰਲ) ਗੁਰਕਿਰਨਦੀਪ ਸਿੰਘ ਪੀ.ਸੀ.ਐਸ. ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਸਾਂਝੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਟਰੱਸਟ ਦੀ ਚੀਫ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਚੇਅਰਮੈਨ ਸੇਵਾ ਮੁਕਤ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਸੇਵਾ ਮੁਕਤ ਲੈਕਚਰਾਰ ਮਲਕੀਤ ਸਿੰਘ ਮੰਮਨ, ਸਹਾਇਕ ਸਕੱਤਰ ਅਤੇ ਸੇਵਾ ਮੁਕਤ ਆਰ.ਏ. ਸ੍ਰੀ ਕ੍ਰਿਸ਼ਨ ਸਮੇਤ ਪ੍ਰਸਿੱਧ ਲਿਖਾਰੀ, ਚਿੰਤਕ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸ਼ਿਵਨਾਥ ਦਰਦੀ ਸਮੇਤ ਮੁਲਾਜ਼ਮ ਅਤੇ ਸਮਾਜਿਕ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਬਲਕਾਰ ਸਿੰਘ ਸਹੋਤਾ ਆਦਿ ਵੀ ਉਚੇਚੇ ਤੌਰ ’ਤੇ ਮੌਜੂਦ ਸਨ।
ਟਰੱਸਟ ਆਗੂਆਂ ਵੱਲੋਂ ਸ਼ਹਿਰ ਅੰਦਰ ਦੇਸ਼ ਦੇ ਮਹਾਨ ਵਿਦਵਾਨ ਅਤੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਸਥਾਨਕ ਸਾਦਿਕ ਰੋਡ ਸਥਿਤ ਪੁਰਾਣੇ ਨਾਲੇ ਕੋਲ ਅਰਾਈਆਂ ਵਾਲਾ ਅਤੇ ਸਰਕੁਲਰ ਰੋਡ ਨੂੰ ਜਾਣ ਵਾਲੀਆਂ ਸੜਕਾਂ ’ਤੇ ਬਣਦੇ ਚੌਰਸਤੇ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖਣ ਦੀ ਮੰਗ ਕੀਤੀ ਗਈ। ਆਗੂਆਂ ਵੱਲੋਂ ਸਹਾਇਕ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸ਼ਹਿਰ ਅੰਦਰ ਡਾ. ਅੰਬੇਡਕਰ ਦੇ ਨਾਂ ’ਤੇ ਕੋਈ ਚੌਂਕ ਨਹੀਂ ਬਣਿਆ ਹੋਇਆ ਅਤੇ ਨਾਂ ਤਾਂ ਨਗਰ ਕੌਂਸਲ ਜਾਂ ਸਰਕਾਰ ਵੱਲੋਂ ਕਿਸੇ ਚੌਂਕ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਨਗਰ ਕੌਂਸਲ ਵੱਲੋਂ ਪਾਸ ਕੀਤੇ ਜਾਣ ਵਾਲੇ ਸਾਰੇ ਮਤੇ ਅਤੇ ਤਜਵੀਜਾਂ ਏ.ਡੀ.ਸੀ. (ਜਨਰਲ) ਵੱਲੋਂ ਪ੍ਰਵਾਨਗੀ ਉਪਰੰਤ ਹੀ ਲਾਗੂ ਕੀਤੀਆਂ ਜਾਣਦੀਆਂ ਹਨ। ਇਸੇ ਲਈ ਹੀ ਸਹਾਇਕ ਕਮਿਸ਼ਨਰ ਨਾਲ ਇਹ ਮੁਲਾਕਾਤ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਢੋਸੀਵਾਲ ਨੇ ਦੱਸਿਆ ਹੈ ਕਿ ਸਹਾਇਕ ਕਮਿਸ਼ਨਰ ਗੁਰਕਿਰਨਦੀਪ ਸਿੰਘ ਪੀ.ਸੀ.ਐਸ. ਨੇ ਵਫ਼ਦ ਦੀਆਂ ਦਲੀਲਾਂ ਨੂੰ ਗੰਭੀਰਤਾ ਅਤੇ ਹਮਦਰਦੀ ਨਾਲ ਸੁਣਿਆ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਕਤ ਚੌਂਕ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖੇ ਜਾਣ ਸਬੰਧੀ ਨਗਰ ਕੌਂਸਲ ਵੱਲੋਂ ਪਾਸ ਕੀਤਾ ਮਤਾ ਸਬੰਧਤ ਜਿਲ੍ਹਾ ਅਧਿਕਾਰੀਆਂ ਵੱਲੋਂ ਮਨਜੂਰ ਕਰ ਦਿੱਤਾ ਜਾਵੇਗਾ। ਸਮੂਹ ਟਰੱਸਟ ਆਗੂਆਂ ਨੇ ਉਨ੍ਹਾਂ ਦੇ ਇਸ ਭਰੋਸੇ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਉਕਤ ਚੌਂਕ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖੇ ਜਾਣ ਸਬੰਧੀ ਟਰੱਸਟ ਦੇ ਉੱਚ ਪੱਧਰੀ ਆਗੂਆਂ ਵੱਲੋਂ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਐਲ.ਐਲ.ਏ. ਕੋਲ ਵੀ ਪਹੁੰਚ ਕੀਤੀ ਗਈ ਸੀ ਅਤੇ ਇਸ ਸਬੰਧੀ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਸਹਾਇਕ ਕਮਿਸ਼ਨਰ ਨਾਲ ਮੁਲਾਕਾਤ ਉਪਰੰਤ ਸ੍ਰੀ ਢੋਸੀਵਾਲ ਨੇ ਸਮੂਹ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਵਧੀਆ ਕਦਮ ਉਠਾਉਂਦੇ ਹੋਏ ਹਰ ਇੱਕ ਸਰਕਾਰੀ ਦਫਤਰ ਵਿੱਚ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣੀ ਲਾਜ਼ਮੀ ਕੀਤੀ ਹੋਈ ਹੈ। ਉਨ੍ਹਾਂ ਨੇ ਇਹ ਵੀ ਉਮੀਦ ਜਾਹਰ ਕੀਤੀ ਹੈ ਕਿ ਜਲਦੀ ਹੀ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਮੰਗ ਨੂੰ ਨਗਰ ਕੌਂਸਲ ਵੱਲੋਂ ਪ੍ਰਵਾਨ ਕਰਦੇ ਹੋਏ ਉਕਤ ਚੌਰਸਤੇ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖ ਦਿੱਤਾ ਜਾਵੇਗਾ ਅਤੇ ਉੱਥੇ ਡਿਸਪਲੇਅ ਬੋਰਡ ਲਗਵਾ ਦਿੱਤੇ ਜਾਣਗੇ।