
ਚੰਡੀਗੜ੍ਹ, 22 ਨੰਵਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕੌਮਾਂਤਰੀ ਕਲਾਕਾਰ ਸੰਗਮ (ਰਜਿ.) ਪੰਜਾਬ ਅਤੇ ਅਦਾਰਾ ਕਲਾਕਾਰ ਸਾਹਿਤਕ ਵੱਲੋਂ ਪੰਜਾਬੀ ਸਾਹਿਤ ਸਭਾ (ਰਜਿ.) ਅਤੇ ਮਾਲਵਾ ਸਾਹਿਤ ਸਭਾ(ਰਜਿ.) ਦੇ ਸਹਿਯੋਗ ਨਾਲ ਕਲਾਕਾਰ ਭਵਨ ਵਿਖੇ “ਕਰਨਲ ਭੱਠਲ ਸਾਹਿਤਕ ਪੁਰਸਕਾਰ ਅਤੇ ਸਨਮਾਨ ਸਮਾਰੋਹ” ਕਰਵਾਇਆ ਗਿਆ।ਇਸ ਸ਼ਾਨਦਾਰ ਸਮਾਗਮ ਵਿੱਚ ਸਿੱਖਿਆ,ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਰੰਤਰ ਸੇਵਾਵਾਂ ਦੇ ਰਹੀ ਪੰਜਾਬੀ ਦੀ ਸਮਰੱਥ ਤੇ ਪ੍ਰਸਿੱਧ ਗ਼ਜ਼ਲਗੋ ਡਾ.ਗੁਰਚਰਨ ਕੌਰ ਕੋਚਰ ਨੂੰ ਪ੍ਰਧਾਨਗੀ ਮੰਡਲ ਤੇ ਪ੍ਰਬੰਧਕਾਂ ਵਲੋਂ “ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿੱਚ ਉਨ੍ਹਾਂ ਨੂੰ 21,000/ਰੁਪਏ ਦਾ ਚੈੱਕ, ਇੱਕ ਸੁੰਦਰ ਦੁਸ਼ਾਲਾ, ਸ਼ੋਭਾ ਪੱਤਰ ਅਤੇ ਕਿਤਾਬਾਂ ਦਾ ਇੱਕ ਸੈਟ ਪ੍ਰਦਾਨ ਕੀਤਾ ਗਿਆ। ਡਾ.ਕੋਚਰ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਨਵੇਕਲੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਤੋਂ ‘ਰਾਜ ਪੁਰਸਕਾਰ’ ਅਤੇ ਭਾਰਤ ਸਰਕਾਰ ਤੋਂ ‘ਕੌਮੀ ਪੁਰਸਕਾਰ’ ਹਾਸਲ ਕੀਤਾ ਹੈ ਉੱਥੇ ਉਹਨਾਂ ਨੂੰ ‘ਲਾਈਫ਼ ਟਾਈਮ ਐਜੂਕੇਸ਼ਨ ਅਚੀਵਮੈਂਟ ਅਵਾਰਡ’ ਵੀ ਹਾਸਲ ਹੋ ਚੁੱਕਿਆ ਹੈ।ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਉਹ ਹੁਣ ਤੱਕ 77 ਵੱਕਾਰੀ ਪੁਰਸਕਾਰ ਅਤੇ ਹਜ਼ਾਰ ਤੋਂ ਵੱਧ ਵਿਸ਼ੇਸ਼ ਸਨਮਾਨ ਹਾਸਲ ਕਰ ਚੁੱਕੇ ਹਨ।ਉਹ ਹੁਣ ਤੱਕ 17 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾ ਚੁੱਕੇ ਹਨ ਅਤੇ ਅਠਾਰਵੀਂ ਕਿਤਾਬ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ। ਸਾਢੇ ਅੱਠ ਦਰਜਨ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਸ਼ਾਮਿਲ ਹਨ। ਉਨ੍ਹਾਂ ਦੀਆਂ ਰਚਨਾਵਾਂ ਸਿਲੇਬਸ ਵਿੱਚ ਵੀ ਸ਼ਾਮਿਲ ਹਨ।ਡਾ.ਕੋਚਰ ਨੇ ਕਈ ਦਰਜਨ ਪੁਸਤਕਾਂ ਦੇ ਮੁੱਖ-ਬੰਧ ਲਿਖੇ ਹਨ, ਰੀਵਿਊ ਕੀਤੇ ਹਨ , ਸਮੇਂ ਸਮੇਂ ਗੋਸ਼ਟੀਆਂ ਵਿੱਚ ਪੇਪਰ ਅਤੇ ਸੈਮੀਨਾਰਾਂ ਵਿੱਚ ਖੋਜ ਪੇਪਰ ਪੜ੍ਹੇ ਹਨ। ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਉਹ ਭਾਰਤ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫ਼ੇਅਰ ਕੌਂਸਲ ਦੇ ਸਟੇਟ ਐਡਵਾਈਜ਼ਰੀ ਬੋਰਡ ਦੇ ਮੈਂਬਰ ਹਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉਪ ਪ੍ਰਧਾਨ ਹਨ। ਉਹ ਹੋਰ ਵੀ ਬਹੁਤ ਸਾਰੀਆਂ ਸਹਿਤ ਸਭਾਵਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਬਤੌਰ ਚੇਅਰਮੈਨ,ਪ੍ਰਧਾਨ, ਸੀਨੀਅਰ ਉਪ ਪ੍ਰਧਾਨ,ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪਾਸਾਰ ਅਤੇ ਪ੍ਰਫੁੱਲਤਾ ਲਈ ਨਿਰੰਤਰ ਯਤਨਸ਼ੀਲ ਹਨ। ਉਹ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਹੀ ਖ਼ੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੁਰਸਕਾਰ ਨਾਲ ਜਿਥੇ ਮੇਰੀ ਕਲਮ, ਮੇਰੇ ਅਹਿਸਾਸਾਂ ਅਤੇ ਮੇਰੇ ਸਾਹਿਤਕ ਸਫ਼ਰ ਨੂੰ ਸਨਮਾਨ ਮਿਲਿਆ ਹੈ ਉੱਥੇ ਮੈਂ ਪੰਜਾਬੀ ਗ਼ਜ਼ਲ ਨੂੰ ਅਤੇ ਸਮੁੱਚੇ ਸਾਹਿਤ ਨੂੰ ਵੀ ਸਨਮਾਨਿਤ ਹੋਇਆ ਮਹਿਸੂਸ ਕੀਤਾ ਹੈ। ਇਸ ਪੁਰਸਕਾਰ ਨਾਲ ਮੇਰੀ ਜ਼ਿੰਮੇਂਵਾਰੀ ਹੋਰ ਵੀ ਵੱਧ ਗਈ ਹੈ ਕਿ ਪੰਜਾਬੀ ਮਾਂ ਬੋਲੀ ਦੇ ਚੰਗੇਰੇ ਭਵਿੱਖ ਲਈ ਮੈਂ ਹੋਰ ਵੀ ਸੁਹਿਰਦਤਾ ਨਾਲ ਵੱਧ ਤੋਂ ਵੱਧ ਉਪਰਾਲੇ ਕਰਦੀ ਰਹਾਂ।
