
ਫਰੀਦਕੋਟ, 18 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਿਖੇ ਰਹਿ ਰਹੇ ਡਾ. ਦੇਵਿੰਦਰ ਸੈਫ਼ੀ ਨੂੰ ਸ਼ਾਹ ਮੁਹੰਮਦ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਸਨਮਾਨ ਸਾਂਝੀ ਪੰਜਾਬੀਅਤ ਦੇ ਮਹਾਨ ਸ਼ਾਇਰ ਸ਼ਾਹ ਮੁਹੰਮਦ ਦੇ ਪਿੰਡ ਵਡਾਲਾ ਦੇ ਲਾਗੇ ਮਜੀਠਾ ਵਿਖੇ ਸ਼ੰਗਾਰਾ ਸਿੰਘ ਚੈਰੀਟੇਬਲ ਸੁਸਾਇਟੀ, ਸਾਹਿਤ ਸਭਾ ਚੁਗਾਵਾਂ ਅਤੇ ਪ੍ਰਗਤੀਸ਼ੀਲ ਲੇਖਕ ਇਕਾਈ ਮਜੀਠਾ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ‘ਤੇ ਭੇਂਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਹੋਇਆ, ਜਿਹੜਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਰਿਹਾ। ਇਸ ਮੌਕੇ ਬੋਲਦਿਆਂ ਕੁਲਦੀਪ ਸਿੰਘ ਕਾਹਲੋਂ, ਨਵਜੋਤ ਸਿੰਘ ਭੰਗੂ, ਧਰਮਿੰਦਰ ਔਲਖ, ਸੁਖਬੀਰ ਸਿੰਘ ਅਤੇ ਭੁਪਿੰਦਰ ਸੰਧੂ ਨੇ ਡਾ. ਸੈਫ਼ੀ ਦੀਆਂ ਲਿਖਤਾਂ ਅਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸਨਮਾਨ ਪੱਤਰ ਵਿੱਚ ਸੈਫ਼ੀ ਦੀਆਂ ਸਾਂਝੀ ਪੰਜਾਬੀਅਤ ਨੂੰ ਸਮਰਪਿਤ ਲਿਖਤਾਂ ਦਾ ਗੁਣਗਾਨ ਕੀਤਾ ਗਿਆ। ਸਟੇਜ ਦਾ ਸੰਚਾਲਨ ਨਿਰੰਜਨ ਸਿੰਘ ਗਿੱਲ ਨੇ ਕੀਤਾ। ਮੇਵਾ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ, ਸੁਖਚੈਨ ਸਿੰਘ ਬਰਾੜ, ਡਾਇਰੈਕਟਰ, ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ, ਦਵਿੰਦਰ ਪੰਜਾਬ ਮੋਟਰਜ਼ (ਰੋਟਰੀ ਕਲੱਬ), ਡਾ. ਬਲਜੀਤ ਸ਼ਰਮਾ, ਉੱਘੇ ਮੰਚ ਸੰਚਾਲਕ ਜਸਬੀਰ ਜੱਸੀ, ਡਾ. ਪਰਮਿੰਦਰ ਸਿੰਘ (ਰਿਟਾ. ਪ੍ਰਿੰਸੀਪਲ), ਬੇਬਾਕ ਰਿਪੋਟਰ ਗੁਰਿੰਦਰ ਸਿੰਘ ਮਹਿੰਦੀਰੱਤਾ, ਲਾਇਨ ਸੁਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਸਿੱਖਿਆ ਸੰਸਥਾਵਾਂ, ਯੂਥ ਕਲੱਬਾਂ ਅਤੇ ਸਾਹਿਤ ਸਭਾਵਾਂ ਨੇ ਇਸ ਐਵਾਰਡ ਦੀ ਖ਼ੁਸ਼ੀ ਜ਼ਾਹਰ ਕਰਦਿਆਂ ਡਾ. ਸੈਫ਼ੀ ਨੂੰ ਮੁਬਾਰਕ ਬਾਦ ਦਿੱਤੀ।