ਸਨਮਾਨ ਵਿੱਚ 5100 ਰੁਪਏ, ਫੁਲਕਾਰੀ, ਪੁਸਤਕ ਅਤੇ ਆਰਗੈਨਿਕ ਖਾਧ ਪਦਾਰਥ ਸ਼ਾਮਲ

ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਾਵਿ ਪੇਸ਼ਕਾਰੀ ਦਾ ਇੱਕ ਵਿਲੱਖਣ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਡਾ. ਦੇਵਿੰਦਰ ਸੈਫ਼ੀ, ਕੁਲਦੀਪ ਸਿੰਘ ਕਾਹਲੋਂ ਅਤੇ ਗੁਰਮੇਲ ਸ਼ਾਮਨਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਖਰੀ ਤਰ੍ਹਾਂ ਦੀ ਦਿੱਖ ਅਤੇ ਸਿੱਖਿਆ ਦੇ ਨਾਮ ਉੱਪਰ ਜਾਣੇ ਜਾਂਦੇ ਇਸ ਕਾਲਜ ਵਿੱਚ ਵਿਦਿਆਰਥੀਆਂ ਦੇ ਰਚਨਾਤਮਕ ਮੁਕਾਬਲੇ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰਚਨਾਤਮਕ ਸੇਧ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਾਇਰ ਗੁਰਭਜਨ ਗਿੱਲ ਦੇ ਨਾਮ ਉੱਪਰ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੁਆਰਾ 3 ਘੰਟੇ ਦੇ ਕਰੀਬ ਬਹੁਤ ਗਹਿਰੀ ਰੁਚੀ ਅਤੇ ਉਤਸੁਕਤਾ ਨਾਲ ਮਾਣਿਆ ਗਿਆ। ਇਸ ਵਿੱਚ ਡਾ. ਦੇਵਿੰਦਰ ਸੈਫ਼ੀ ਨੂੰ 5100 ਰੁਪਏ, ਫੁਲਕਾਰੀ, ਪੁਸਤਕ ਅਤੇ ਆਰਗੈਨਿਕ ਖਾਧ ਪਦਾਰਥਾਂ ਨਾਲ ਸਨਮਾਨਤ ਕੀਤਾ ਗਿਆ। ਉੱਤਮ ਸੁਰਾਂ ਦੇ ਧਨੀ ਗੁਰਮੇਲ ਸ਼ਾਮਨਗਰ ਅਤੇ ਲੋਕ ਖੇਡਾਂ ਦੇ ਪ੍ਰਮੋਟਰ ਤੇ ਗੀਤਕਾਰ ਕੁਲਦੀਪ ਸਿੰਘ ਕਾਹਲੋਂ ਨੂੰ 4100 ਰੁਪਏ ਦੀ ਵਿਸ਼ੇਸ਼ ਰਾਸ਼ੀ, ਪੁਸਤਕਾਂ, ਫੁਲਕਾਰੀਆਂ ਅਤੇ ਔਰਗੈਨਿਕ ਵਸਤੂਆਂ ਦੇ ਕੇ ਨਿਵਾਜਿਆ ਗਿਆ। ਇਹ ਕਾਲਜ ਗੁਰੂ ਨਾਨਕ ਸਾਹਿਬ ਜੀ ਦੇ ਕਿਰਤ ਅਤੇ ਕਿਰਦਾਰ ਦੇ ਸਿਧਾਂਤ ਉੱਪਰ ਕੇਂਦਰਿਤ ਹੈ। ਗਿਆਨ ਦੀ ਵੱਖ ਵੱਖ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਵਿੱਚ ਉੱਚੇ ਕਿਰਦਾਰ ਅਤੇ ਸਵੈ ਸਨਮਾਨ ਦੀ ਭਾਵਨਾ ਭਰੀ ਜਾਂਦੀ ਹੈ। ਵੱਖ ਵੱਖ ਰਚਨਾਤਮਕ ਪ੍ਰੋਗਰਾਮਾਂ ਜਰੀਏ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਪੜ੍ਹਾਈ ਵੀ ਵੱਖਰੀ ਤਰ੍ਹਾਂ ਨਾਲ ਹੁੰਦੀ ਹੈ। ਅਧਿਆਪਕਾਂ ਨਾਲੋਂ ਵੱਧ ਕੇ ਵਿਦਿਆਰਥੀ ਹੀ ਆਪਣੇ ਤੋਂ ਹੇਠਲੀਆਂ ਕਲਾਸਾਂ ਨੂੰ ਪੜਾਉਂਦੇ ਹਨ। ਇਸ ਸੰਸਥਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਇਹ ਕਾਲਜ ਸੇਵਾ ਭਾਵਨਾ ਨਾਲ ਹੀ ਚੱਲਦਾ ਹੈ। ਕਿਸੇ ਤੋਂ ਕੋਈ ਮਦਦ ਨਹੀਂ ਲਈ ਜਾਂਦੀ। ਇਸ ਵਿੱਚ ਪ੍ਰਿੰਸੀਪਲ ਖੁਦ ਸਵੀਪਰ ਤੱਕ ਦੇ ਕੰਮ ਕਰਕੇ ਖੁਸ਼ ਹੁੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇੱਥੇ ਕੋਈ ਕਿਸੇ ਵਿਦਿਆਰਥੀ ਨੂੰ ਨਕਲ ਕਰਦਾ ਸਿੱਧ ਕਰ ਦੇਵੇ ਤਾਂ ਮੌਕੇ ਉੱਪਰ ਹੀ 51 ਹਜਾਰ ਰੁਪਏ ਦਿੱਤੇ ਜਾਣਗੇ। ਇਸ ਕਾਲਜ ਅਤੇ ਪ੍ਰੋਗਰਾਮ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਡਾ. ਸੈਫੀ ਨੇ ਕਿਹਾ ਕਿ ਜਿਨ੍ਹਾਂ ਵੇਲਿਆਂ ਵਿੱਚ ਸਿੱਖਿਆ ਦੇ ਨਾਮ ਉੱਪਰ ਵਪਾਰਕ ਹਿਤ ਮੁੱਖ ਰੱਖੇ ਜਾ ਰਹੇ ਹਨ, ਓਦੋਂ ਅਜਿਹੀਆਂ ਉੱਚੇ ਅਕੀਦੇ ਰੱਖ ਕੇ ਕਿਰਤ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਸੰਸਥਾਵਾਂ ਹੀ ਮਾਨਵੀ ਉਚਾਈ ਤੇ ਸੱਚਾਈ ਨੂੰ ਬਚਾ ਸਕਦੀਆਂ ਹਨ।
ਕੈਪਸ਼ਨ :- ਡਾ. ਸੈਫ਼ੀ ਨੂੰ ਪਹਿਲੇ ਦਰਜ਼ੇ ਦਾ ਕਾਵਿ-ਪੇਸ਼ਕਾਰੀ ਸਨਮਾਨ ਦਿੰਦੇ ਹੋਏ ਬਾਬਾ ਆਇਆ ਸਿੰਘ ਕਾਲਜ ਦੇ ਪ੍ਰਿੰਸੀਪਲ ਤੇ ਪ੍ਰਬੰਧਕ। ਨਾਲ ਹੋਰ ਸਨਮਾਨਤ ਸ਼ਖ਼ਸੀਅਤਾਂ।