ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੇ ਉੱਘੇ ਲੇਖਕ ਡਾ. ਦੇਵਿੰਦਰ ਸੈਫ਼ੀ ਦੀ ਨਵੀਂ ਕਾਵਿ – ਕਿਤਾਬ ਕੱਲ੍ਹ 10 ਅਕਤੂਬਰ ਦਿਨ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਰਿਲੀਜ਼ ਹੋਣ ਜਾ ਰਹੀ ਹੈ। ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ ਅਤੇ ਪੰਜਾਬੀ ਵਿਭਾਗ, ਪੰਜਾਬ ਯੂਨੀ. ਦੇ ਸਾਂਝੇ ਉੱਦਮ ਨਾਲ਼ ਹੋਣ ਜਾ ਰਹੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ, ਸਪੀਕਰ ਵਿਧਾਨ ਸਭਾ ਸ਼ਾਮਲ ਹੋਣਗੇ। ਪ੍ਰਧਾਨਗੀ ਮੰਡਲ ਵਿੱਚ ਡਾ. ਸਰਬਜੀਤ ਸਿੰਘ ਅਤੇ ਡਾ. ਸੁਖਚੈਨ ਸਿੰਘ ਬਰਾੜ ਸ਼ਾਮਲ ਹੋਣਗੇ। ਮੁੱਖ ਵਕਤਾ ਵਜੋਂ ਉੱਘੇ ਚਿੰਤਕ ਡਾ. ਮਨਮੋਹਨ ਅਤੇ ਇਸ ਪੁਸਤਕ ਉੱਪਰ ਚਿੰਤਨ ਪੇਸ਼ ਕਰਨਗੇ। ਇਸ ਤੋਂ ਉਪਰੰਤ ਪੰਜਾਬੀ ਵਿਭਾਗ ਦੇ ਚੇਅਰਪਰਸਨ ਡਾ.ਯੋਗਰਾਜ ਸਮੀਖਿਆ ਕਰਨਗੇ ਸੰਵਾਦ ਵਿੱਚ ਡਾ. ਪਰਮਜੀਤ ਕੌਰ ਸਿੱਧੂ, ਡਾ. ਪ੍ਰਵੀਨ ਕੁਮਾਰ ਅਤੇ ਡਾ. ਤੇਜਿੰਦਰ ਸਿੰਘ ਸ਼ਾਮਲ ਹੋਣਗੇ। ਪੰਜਾਬੀ ਅਧਿਐਨ ਸਕੂਲ ਦੇ ਸਾਹਿਤਕ ਪ੍ਰਬੰਧਕ ਜਗਦੀਪ ਸਿੱਧੂ ਨੇ ਦੱਸਿਆ ਕਿ ਇਹ ਮੰਚ ਪੰਜਾਬੀ ਕਵਿਤਾ ਪ੍ਰਤੀ ਸੁਹਿਰਦ ਹੋ ਕੇ ਨਿਰੰਤਰ ਚਿੰਤਨ ਮੰਥਨ ਲਈ ਕਰਮਰੱਤ ਹੈ।

