ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਘੇ ਸ਼ਾਇਰ ਤੇ ਚਿੰਤਕ ਡਾ.ਦੇਵਿੰਦਰ ਸੈਫ਼ੀ ਨੂੰ ਡਾ.ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਪੰਜਾਬੀ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਚਿੰਤਨਸ਼ੀਲ ਸਾਹਿਤਧਾਰਾ ਦੇ ਮੈਂਬਰਾਨ ਵੱਲੋਂ ਪੰਜਾਬੀ ਭਵਨ , ਲੁਧਿਆਣਾ ਵਿਖੇ ਪ੍ਰਦਾਨ ਕੀਤਾ ਗਿਆ। ਇਸ ਮੌਕੇ ਚਿੰਤਨਸ਼ੀਲ ਮੰਚ ਦੇ ਸੰਚਾਲਕ ਡਾ.ਮਨਦੀਪ ਕੌਰ ਭੰਮਰਾ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਦੀ ਘਾਲਣਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਹਰ ਸਾਲ ਓਹਨਾਂ ਦੇ ਜਨਮ ਦਿਨ ‘ ਤੇ 9 ਫਰਵਰੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਪੰਜਾਬੀ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ ਦੁਆਰਾ ਡਾ.ਸੈਫ਼ੀ ਦੀ ਬਹੁਪੱਖੀ ਸਾਹਿਤਕ ਦੇਣ ਬਾਰੇ ਵੇਰਵੇ ਪੇਸ਼ ਕਰਦਾ ਮਾਣ ਪੱਤਰ ਪੜ੍ਹਿਆ ਗਿਆ। ਇਹ ਪੁਰਸਕਾਰ ਪੰਜਾਬੀ ਦੇ ਮਹਾਨ ਸਾਹਿਤਕਾਰ ਪ੍ਰੋ.ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪੰਜਾਬੀ ਅਕਾਦਮੀ,ਲੁਧਿਆਣਾ ਦੇ ਪ੍ਰਧਾਨ ਡਾ.ਸਰਬਜੀਤ ਸਿੰਘ, ਡਾ.ਸੁਖਦੇਵ ਸਿੰਘ ਸਿਰਸਾ, ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਮੋਹਨ ਗਿੱਲ ਸ਼ਾਮਲ ਸਨ। ਇਸ ਪੁਰਸਕਾਰ ਹਿਤ ਚੋਣ ਤੇ ਪ੍ਰਾਪਤੀ ਲਈ ਇਲਾਕੇ ਦੀਆਂ ਨਾਮਵਰ ਵਿੱਦਿਅਕ , ਸਾਹਿਤਕ ਅਤੇ ਸਮਾਜਸੇਵੀ ਹਸਤੀਆਂ ਵੱਲੋਂ ਖ਼ੁਸ਼ੀ ਜ਼ਾਹਰ ਕਰਦਿਆਂ ਡਾ.ਸੈਫ਼ੀ ਨੂੰ ਵਧਾਈ ਦਿੱਤੀ ਗਈ। ਐਡਵੋਕੇਟ ਰਜਿੰਦਰ ਸਿੰਘ ਰੋਮਾਣਾ, ਡਾ.ਸੁਖਚੈਨ ਸਿੰਘ ਬਰਾੜ, ਪ੍ਰੋਫ਼ੈਸਰ ਦਲਬੀਰ ਸਿੰਘ, ਗੁਰਿੰਦਰ ਸਿੰਘ ਮਹਿੰਦਰੱਤਾ, ਜਸਬੀਰ ਜੱਸੀ,ਰਜਿੰਦਰ ਰਿੰਕੂ ਸਮਾਧਾਂ ਵਾਲਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਗੁਰਦੀਪ ਸਿੰਘ ਢੁੱਡੀ ਆਦਿ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਇਸ ਪੁਰਸਕਾਰ ਲਈ ਉਚੇਚੀ ਵਧਾਈ ਦਿੱਤੀ ਗਈ।ਫੋਟੋ :- ਡਾ .ਸੈਫ਼ੀ ਨੂੰ ਡਾ.ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਪ੍ਰਦਾਨ ਕਰ ਰਹੇ ਪੰਜਾਬੀ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਗੁਲਜ਼ਾਰ ਸਿੰਘ ਪੰਧੇਰ,ਭੁਪਿੰਦਰ ਸਿੰਘ ਮੱਲ੍ਹੀ, ਮਨਦੀਪ ਭੰਮਰਾ ਤੇ ਹੋਰ