ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੂੰ ਸਾਹਿਤਕ ਸਿਤਾਰੇ ਮੰਚ (ਰਜਿ.) ਤਰਨਤਾਰਨ ਵੱਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਇਹ ਸਨਮਾਨ ਹਰਦੇਵ ਸਿੰਘ ਗਾਂਧੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਵਿਤਾ ਕੁੰਭ ਪ੍ਰੋਗਰਾਮ ਵਿੱਚ 23 ਮਾਰਚ 2025 ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਹਰਿਭਜਨ ਸਿੰਘ ਭਗਰੱਥ, ਜਰਨਲ ਸਕੱਤਰ ਰਕੇਸ਼ ਸਚਦੇਵਾ, ਮੀਤ ਪ੍ਰਧਾਨ ਰਘਬੀਰ ਸਿੰਘ ਅਨੰਦ, ਵਿੱਤ ਸਕੱਤਰ ਵਰੁਣ ਸੂਦ ਅਤੇ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਜੇ.ਈ. ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀ ਹਰ ਲਿਖਤ ਰਾਹੀਂ ਪ੍ਰੀਤ ਅਤੇ ਉੱਚੇ ਜੀਵਨ ਆਦਰਸ਼ਾਂ ਦੀ ਸੁਗੰਧੀ ਵੰਡਦੇ ਰਹੇ ਹਨ, ਓਵੇਂ ਹੀ ਉੱਘੇ ਸ਼ਾਇਰ ਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੇ ਸਮੇਂ ਦੇ ਹਾਣ ਦੀ ਉੱਚੀ ਸੋਚ ਅਤੇ ਪ੍ਰੀਤੀ ਨਾਲ ਭਰਪੂਰ ਰਚਨਾਵਾਂ ਰਚ ਕੇ ਪੰਜਾਬੀ ਮਾਂ ਬੋਲੀ ਦੀ ਮਹਿਮਾਜਨਕ ਝੋਲੀ ਭਰੀ ਹੈ। ਇਸੇ ਲਈ ਮੰਚ ਵੱਲੋਂ ਇਹਨਾਂ ਨੂੰ ਇਹ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
