ਡਾ. ਭੀਮ ਰਾਓ ਅੰਬੇਡਕਰ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਅੱਜ ਬਹੁਤ ਜ਼ਰੂਰਤ: ਸੂਦ ਵਿਰਕ
ਵਿਰਕ/ਜਲੰਧਰ 17 ਅਪ੍ਰੈਲ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਪਿੰਡ ਵਿਰਕ ਦੀਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸੰਸਥਾਵਾਂ ਵੱਲੋਂ ਡਾ. ਬੀ ਆਰ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਉੱਥੇ ਹੀ ਰੋਜ਼ਾਨਾ ਪੰਜਾਬੀ ਅਖਬਾਰ “ਸੂਦ ਵਿਰਕ ਲਾਈਵ” ਦੇ ਚੀਫ਼ ਐਡੀਟਰ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਨੂੰ ਬਾਬਾ ਸਾਹਿਬ ਦੀਆਂ ਜੀਵਨ ਧਾਰਾਵਾਂ ਅਤੇ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਦਿੱਤੇ ਅਨੰਤ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਉਹਨਾਂ ਕਿਹਾ ਕਿ ਸੂਦ ਵਿਰਕ ਸਾਬ ਨੂੰ ਇਹ ਸਨਮਾਨ ਦਿੰਦਿਆਂ ਉਹ ਬੇਹੱਦ ਫ਼ਖ਼ਰ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਵਲੋਂ ਦਿੱਤੇ ਯੋਗਦਾਨ ਲਈ ਉਹ ਦਿਲੋਂ ਸਰਾਹਨਾ ਕਰਦੇ ਹਨ। ਇਸ ਮੌਕੇ ਸਤਪਾਲ ਵਿਰਕ, ਜਿੰਦਰ ਵਿਰਕ, ਰਾਮ ਸਰੂਪ ਚੰਬਾ ਤੇ ਸੰਜੀਵ ਚੰਬਾ ਨੇ ਕਿਹਾ ਕਿ ਡਾ.ਅੰਬੇਡਕਰ ਜੀ ਦੇ ਵਿਚਾਰ ਤੇ ਆਦਰਸ਼ ਅੱਜ ਵੀ ਸਮਾਜਿਕ, ਸਦਭਾਵਨਾ, ਸਮਾਨਤਾ ਅਤੇ ਨਿਆਂ ਦਾ ਰਾਸਤਾ ਵਿਖਾਉਂਦੇ ਹਨ। ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨ ਵਾਲੇ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਤੇ ਦੂਰਦਰਸ਼ੀ ਰਾਹੀ ਸਮਾਜ ਨੂੰ ਜਗਾਇਆ। ਲੋਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ, ਜਿੰਨ੍ਹਾਂ ਸਦਕਾ ਗ਼ਰੀਬ ਵਰਗ ਦੇ ਲੋਕਾਂ ਨੂੰ ਅਨੇਕਾਂ ਅਧਿਕਾਰ ਮਿਲੇ। ਸ਼੍ਰੀ ਮਹਿੰਦਰ ਸੂਦ ਵਿਰਕ ਨੇ ਧੰਨਵਾਦੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਅੱਜ ਬਹੁਤ ਜ਼ਰੂਰਤ ਹੈ ਕਿਉਂਕਿ ਕੁਝ ਸਮਾਜ ਵਿਰੋਧੀ ਲੋਕਾਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਗਲਤ ਧਾਰਨਾਂਵਾਂ ਫੈਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਪ੍ਰਤੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਤੇ ਆਪਣੇ ਸਮਾਜ ਨੂੰ ਲਗਾਤਾਰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।