ਬਰੈਂਪਟਨ 20 ਜੂਨ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ
ਰੰਮੀ ਦੀ ਅਗਵਾਈ ਵਿੱਚ 16 ਜੂਨ ਸੋਮਵਾਰ ਨੂੰ ਕਰਵਾਇਆ ਗਿਆ ।ਇਸ ਪ੍ਰੋਗਰਾਮ ਦੇ ਵਿੱਚ ਇਸ ਵਾਰ ਪ੍ਰਸਿੱਧ ਦਾਰਸ਼ਨਿਕ , ਲੇਖਕ ਅਤੇ ਕਵੀ ਡਾ .ਮਨਮੋਹਨ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਕੁਲਜੀਤ ਕੌਰ ਨੇ ਕੀਤਾ ਤੇ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵੱਖ ਵੱਖ ਪ੍ਰਤੀਨਿਧ ਅਹੁਦੇਦਾਰ ਸ਼ਾਮਿਲ ਹੋਏ ਸੁਰਜੀਤ ਕੌਰ ,ਪਿਆਰਾ ਸਿੰਘ ਕੁਦੋਵਾਲ ਜੀ , ਰਿੰਟੂ ਭਾਟੀਆ ਅਤੇ ਡਾਕਟਰ ਬਲਜੀਤ ਕੌਰ ਰਿਆੜ ਸਭ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਡਾ . ਬਲਜੀਤ ਕੌਰ ਰਿਆੜ ਨੇ ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਮਨਮੋਹਨ ਜੀ ਦਾ ਨਿੱਘੇ ਸ਼ਬਦਾਂ ਵਿੱਚ ਜੀ ਆਇਆ ਆਖਿਆ ਤੇ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਸ਼ੇ ਤੇ ਗੱਲ ਕੀਤੀ । ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਆਉਣਾ ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵਾਸਤੇ ਬਹੁਤ ਸੁਭਾਗਾ ਦੱਸਿਆ। ਉਹਨਾਂ ਨੇ ਡਾਕਟਰ ਮਨਮੋਹਨ ਦੀ ਸ਼ਖਸੀਅਤ ਨੂੰ ਇੱਕ ਦਾਰਸ਼ਨਿਕ ਚਿੰਤਕ ਦੇ ਨਾਲ ਨਾਲ ਇੱਕ ਵਧੀਆ ਆਈਪੀਐਸ ਅਫ਼ਸਰ ਦੇ ਤੌਰ ਤੇ ਵੀ ਉਹਨਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ ।ਉਪਰੰਤ ਪ੍ਰੋਫੈਸਰ ਕੁਲਜੀਤ ਕੌਰ ਨੇ ਡਾਕਟਰ ਮਨਮੋਹਨ ਜੀ ਦੀ ਜੀਵਨ ਤੇ ਝਾਤ ਪਾਉਂਦਿਆਂ ਹੋਇਆਂ ਪ੍ਰੋਗਰਾਮ ਦੇ ਆਰੰਭ ਵਿੱਚ ਉਹਨਾਂ ਦੇ ਮੁੱਢਲੇ ਜੀਵਨ ,ਪਰਿਵਾਰਕ ਪਿਛੋਕੜ ਤੇ ਉਹਨਾਂ ਦੇ ਜੀਵਨ ਵਿੱਚ ਲਈ ਵੱਖ ਵੱਖ ਸੰਘਰਸ਼ ਦੇ ਚੁਣੌਤੀਆਂ ਤੇ ਸਫਲਤਾਵਾਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ।ਡਾ. ਮਨਮੋਹਨ ਨੇ ਆਪਣੇ ਜੀਵਨ ਦੇ ਮੁੱਢਲੇ ਪੜਾਅ ਵਿੱਚ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੜ੍ਹਾਈ ਪ੍ਰਤੀ ਆਪਣੇ ਜੀਵਨ ਵਿੱਚ ਆਏ ਉਤਰਾ ਚੜਾਅ ਤੇ ਫਿਰ ਇੱਕ ਸਫਲ ਆਈਪੀਐਸ ਅਫਸਰ ਵਜੋਂ ਜੀਵਨ ਦੇ ਸਫਰ ਨੂੰ ਉਹਨਾਂ ਨੇ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਉਹ ਅਧਿਆਪਕ ਬਣਨਾ ਚਾਹੁੰਦੇ ਸਨ ਪਰ ਉਹਨਾਂ ਦੇ ਜੀਵਨ ਵਿੱਚ ਅਧਿਆਪਕ ਨਾਲੋਂ ਜਿਆਦਾ ਇੱਕ ਪ੍ਰਬੰਧਕ ਬਣਨ ਦਾ ਸਬੱਬ ਬਣਿਆ।ਇਹ ਵਰਨਣਯੋਗ ਹੈ ਕਿ ਡਾ . ਮਨਮੋਹਨ ਪੰਜਾਬੀ ਸਾਹਿਤ ਜਗਤ ਦਾ ਸਥਾਪਿਤ ਕਵੀ, ਨਾਵਲਕਾਰ, ਆਲੋਚਕ, ਭਾਸ਼ਾ ਵਿਗਿਆਨੀ ਅਤੇ ਅਨੁਵਾਦਕ ਹੈ। ਉਹ 1988 ਬੈਚ ਦਾ ਆਈ ਪੀ ਐੱਸ ਅਧਿਕਾਰੀ ਹੈ। ਉਹ ਜੁਲਾਈ 2023 ‘ਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਇੰਟੈਲੀਜੈਂਸ ਬਿਓਰੋ ‘ਚੋਂ ਸਪੈਸ਼ਲ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਵਰਤਮਾਨ ‘ਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਆਫ਼ ਐਮੀਨੈਂਸ ਹਨ। ਉਹ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਰਹੇ। ਉਹ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੀ ਕਾਰਜਕਾਰਨੀ ਦੇ ਮੈਂਬਰ ਹਨ। ਉਹ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਦੇ 2017 ਤੋਂ 2022 ਤੱਕ ਮੈਂਬਰ ਵੀ ਰਹੇ। ਉਨ੍ਹਾਂ ਨੇ 1994 ‘ਚ ‘ਦਸਮ ਗ੍ਰੰਥ ਵਿਚ ਮਿੱਥ ਰੂਪਾਂਤਰਣ : ਰੂਪ ਤੇ ਅਰਥ ਦਾ ਚਿਹਨ ਵਿਗਿਆਨਕ ਅਧਿਐਨ’ ਦੇ ਵਿਸ਼ੇ ‘ਤੇ ਪੀਐੱਚਡੀ ਕੀਤੀ। ਮਨਮੋਹਨ ਨੂੰ 2013 ‘ਚ ਆਪਣੇ ਪਲੇਠੇ ਨਾਵਲ ‘ਨਿਰਵਾਣ’ ‘ਤੇ ਭਾਰਤੀ ਸਾਹਿਤ ਅਕਾਦੇਮੀ ਦਾ ਪੁਰਸਕਾਰ ਮਿਲਿਆ। ਡਾ ਮਨਮੋਹਨ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ।ਉਨਾਂ ਨੇ ਦੱਸਿਆ ਕਿ ਅਨੁਵਾਦ ਕਿਸੇ ਵੀ ਭਾਸ਼ਾ ਦੀ ਅਮੀਰੀ ਵਿਚ ਸਹਾਈ ਹੁੰਦਾ ਹੈ। ਉਨ੍ਹਾਂ ਅਨੁਸਾਰ ਸਾਨੂੰ ਆਪਣਾ ਸਾਹਿਤਕ ਅਨੁਭਵ ਅਤੇ ਸ਼ਬਦ ਭੰਡਾਰ ਵਧਾਉਣ ਲਈ ਦੂਜੀਆਂ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨਾ ਚਾਹੀਦਾ ਹੈ। ਦਾਰਸ਼ਨਿਕ ਚਿੰਤਨ ਵੀ ਜ਼ਰੂਰੀ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੇ ਨਿੱਕੇ ਵੱਡੇ ਅਨੁਭਵ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਅੰਤ ਵਿੱਚ ਡਾ . ਮਨਮੋਹਨ ਦੀ ਭੈਣ ਹਰਸਿਮਰਤ ਕੌਰ ਐਡਵੋਕੇਟ ਤੇ ਸ਼ਾਇਰਾ ਨੇ ਡਾ . ਮਨਮੋਹਨ ਨੂੰ ਇਕ ਸੰਜੀਦਾ,ਮਿਹਨਤੀ ਅਤੇ ਸੰਵੇਦਨਸ਼ੀਲ ਸ਼ਖਸੀਅਤ ਦੱਸਿਆ ਜੋ ਰਿਸ਼ਤਿਆਂ ਪ੍ਰਤੀ ਵੀ ਸਮਰਪਿਤ ਹੈ। ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਵੀ ਡਾ . ਮਨਮੋਹਨ ਦੀ ਸ਼ਖਸੀਅਤ ਅਤੇ ਜੀਵਨ ਅਨੁਭਵ ਭਰਪੂਰ ਇਸ ਪ੍ਰੋਗਰਾਮ ਨੂੰ ਸਾਰਿਆਂ ਲਈ ਲਾਹੇਵੰਦ ਦੱਸਿਆ । ਉਹਨਾਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕ20,21,22 ਜੂਨ ਨੂੰ ਕਰਵਾਈ ਜਾਣ ਵਾਲੀ ਅੰਤਰਰਾਸ਼ਟਰੀ ਕਾਨਫ਼ਰੰਸ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਅੰਤ ਵਿੱਚ ਸ੍ਰ . ਪਿਆਰਾ ਸਿੰਘ ਕੁੱਦੋਵਾਲ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਡਾ . ਮਨਮੋਹਨ ਦੁਆਰਾ ਪੇਸ਼ ਕੀਤੇ ਵਿਚਾਰਾਂ ਅਤੇ ਜੀਵਨ ਅਨੁਭਵ ਨੂੰ ਦਰਸ਼ਕਾਂ ਲਈ ਪ੍ਰੇਰਨਾਦਾਇਕ ਮੰਨਿਆ। ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਸਮੁੱਚੇ ਪ੍ਰੋਗਰਾਮ ਨੂੰ ਸੁਣ ਕੇ ਸਾਰਥਕ ਅਤੇ ਮੁੱਲਵਾਨ ਟਿੱਪਣੀਆਂ ਪੇਸ਼ ਕੀਤੀਆਂ। ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਵੀ ਕੀਤਾ । ਅੰਤ ਵਿੱਚ ਈ ਮੈਗਜ਼ੀਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ. ਜੋ ਕਿ ਰਮਿੰਦਰ ਵਾਲੀਆ ਰੰਮੀ ਵੱਲੋਂ ਸੰਪਾਦਿਤ ਕੀਤਾ ਜਾਂਦਾ ਹੈ ਉਸ ਦਾ ਮਈ ਮਹੀਨੇ ਦਾ ਅੰਕ ਰਿਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕ ਸ਼ਾਮਿਲ ਹੋਏ।ਤਲਵਿੰਦਰ ਮੰਡ , ਸਤਬੀਰ ਸਿੰਘ , ਮੀਤਾ ਖੰਨਾ , ਰਾਜਵੀਰ ਸੰਧੂ , ਰਾਜਬੀਰ ਕੌਰ ਗਰੇਵਾਲ , ਡਾ . ਪੁਸ਼ਵਿੰਦਰ ਕੌਰ , ਹਰਭਜਨ ਕੌਰ ਗਿੱਲ , ਹਰਜੀਤ ਬਮਰਾਹ , ਅੰਮ੍ਰਿਤਾ ਦਰਸ਼ਨ , ਗਿਆਨ ਸਿੰਘ ਦਰਦੀ , ਅਮਰ ਜੋਤੀ ਤੇ ਜਗਦੀਪ ਮਾਂਗਟ , ਰਾਧਿਕਾ , ਜੈਲੀ ਗੇਰਾ ਅਤੇ ਹੋਰ ਵੀ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਨੇ ਇਕ ਵਾਰ ਫਿਰ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “ ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ । ਦਰਸ਼ਕਾਂ ਨੂੰ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ । ਧੰਨਵਾਦ ਸਹਿਤ ।