ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਸਾਲ 2027 ਲਈ ਪ੍ਰਧਾਨ ਦੇ ਰੂਪ ਵਿੱਚ ਡਾ. ਸੰਜੀਵ ਗੋਇਲ ਦੀ ਸ਼ਾਨਦਾਰ ਚੋਣ ਕੀਤੀ ਗਈ ਹੈ। ਰਾਜ ਭਰ ਦੇ ਕਰੀਬ 12,000 ਮੈਂਬਰਾਂ ਵਿੱਚੋਂ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡਾ. ਗੋਇਲ ਦਾ ਚੁਣਿਆ ਜਾਣਾ ਪੂਰੇ ਮਾਲਵਾ ਖੇਤਰ ਲਈ ਗੌਰਵਮਈ ਪ੍ਰਾਪਤੀ ਦੱਸੀ ਜਾ ਰਹੀ ਹੈ। ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜੀਵਨ ਵਾਲਾ ਦੇ ਪ੍ਰਿੰਸੀਪਲ-ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਮਾਲਵੇ ਦੀ ਧਰਤੀ ਲਈ ਇਹ ਉਪਲਬਧੀ ਇੱਕ ਮੀਲ-ਪੱਥਰ ਸਾਬਤ ਹੋਵੇਗੀ, ਕਿਉਂਕਿ ਇਸ ਨਾਲ ਨਾ ਸਿਰਫ਼ ਸਥਾਨਕ ਮੈਡੀਕਲ ਕਮਿਊਨਟੀ ਦੀ ਸ਼ੋਭਾ ਵਧੀ ਹੈ, ਸਗੋਂ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਣਾਦਾਇਕ ਸੰਦੇਸ਼ ਮਿਲਿਆ ਹੈ। ਇਸ ਪ੍ਰਾਪਤੀ ’ਤੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਸੈਕਟਰੀ ਦਿਲਦੀਪ ਸਿੰਘ, ਫ਼ਾਇਨੈਂਸ ਸੈਕਟਰੀ ਤਰਵਿੰਦਰਪਾਲ ਸਿੰਘ ਅਤੇ ਪੀ.ਆਰ.ਓ. ਗੁਰਵਿੰਦਰ ਸਿੰਘ ਧੀਂਗੜਾ ਨੇ ਅਤੇ ਸਮੂਹ ਮੈਬਰਾਂ ਨੇ ਵੀ ਡਾ. ਗੋਇਲ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਲੀਡਰਸ਼ਿਪ ਗੁਣਾਂ ਦੀ ਤਾਰੀਫ਼ ਕੀਤੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੋਣ ਪੰਜਾਬ ਦੇ ਸਿਹਤ ਖੇਤਰ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗੀ ਜੋ ਭਵਿੱਖੀ ਸੁਧਾਰਾਂ ਦਾ ਰਾਹ ਖੋਲ੍ਹੇਗਾ। ਇੰਜੀ. ਰਾਜੀਵ ਗੋਇਲ, ਸੁਪਰਡੈਂਟਿੰਗ ਇੰਜੀਨੀਅਰ (ਰਿਟਾਇਰਡ), ਐਕਸ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀ.ਬੀ.ਐੱਮ.ਬੀ. ਨੰਗਲ ਅਤੇ ਪਿਛਲੇ ਜ਼ਿਲ੍ਹਾ ਗਵਰਨਰ ਲਾਇੰਜ਼ ਕਲੱਬਜ਼ ਜ਼ਿਲ੍ਹਾ 3216 ਨੇ ਵੀ ਡਾ. ਗੋਇਲ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਪੂਰੇ ਖੇਤਰ ਲਈ ਮਾਣ ਦੀ ਗੱਲ ਹੈ। ਡਾ. ਸੰਜੀਵ ਗੋਇਲ ਫ਼ਰੀਦਕੋਟ ਸ਼ਹਿਰ ਦੇ ਪਹਿਲੇ ਡਾਕਟਰ ਹਨ, ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਜੋਂ ਇਹ ਵਿਲੱਖਣ ਸਨਮਾਨ ਹਾਸਲ ਕੀਤਾ ਹੈ। ਸਮਾਜਿਕ ਅਤੇ ਮੈਡੀਕਲ ਵਰਗਾਂ ਦਾ ਮਜ਼ਬੂਤ ਵਿਸ਼ਵਾਸ ਹੈ ਕਿ ਡਾ. ਗੋਇਲ ਦੀ ਅਗਵਾਈ ਹੇਠ ਪੰਜਾਬ ਦੀ ਸਿਹਤ ਪ੍ਰਣਾਲੀ ਹੋਰ ਮਜ਼ਬੂਤ, ਸੁਧਾਰਸ਼ੀਲ ਅਤੇ ਮਿਆਰੀ ਬਣੇਗੀ। ਉਮੀਦ ਹੈ ਕਿ ਉਹ ਆਪਣੀ ਦੂਰਦਰਸ਼ੀ ਸੋਚ ਅਤੇ ਜ਼ਿੰਮੇਵਾਰੀਆਂ ਪ੍ਰਤੀ ਨਿਸ਼ਠਾ ਵਾਲੇ ਸੁਭਾਅ ਕਰਕੇ ਸਿਹਤ ਖੇਤਰ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾਣਗੇ।
