ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ’ਚ ਹੋਰ ਤੇਜੀ ਲਿਆਉਣ ਦੇ ਦਿੱਤੇ ਆਦੇਸ਼
ਫਰੀਦਕੋਟ, 7 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ਜਿਲ੍ਹੇ ਦਾਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਜਿਲ੍ਹੇ ਦੇ ਰਾਈਸ ਮਿੱਲਰਾਂ, ਟਰੱਕ ਓਪਰੇਟਰਾਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਮੰਡੀਆਂ ਵਿੱਚ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੱਲ ਸ਼ਾਮ ਤੱਕ ਜਿਲ੍ਹੇ ਦੀਆਂ ਮੰਡੀਆਂ ’ਚ ਖਰੀਦੇ ਗਏ ਝੋਨੇ ਦੀ 50 ਪ੍ਰਤੀਸ਼ਤ ਦੇ ਕਰੀਬ ਲਿਫਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲ਼ੇ ਦਿਨਾਂ ’ਚ ਤਿਉਹਾਰਾਂ ਦੀਆਂ ਛੁੱਟੀਆਂ ਕਾਰਨ ਲਿਫਟਿੰਗ ਦਾ ਕੰਮ ਥੋੜਾ ਸਲੋਅ ਹੋਇਆ ਸੀ, ਜਿਸ ਵਿੱਚ ਹੋਰ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਖਰੀਦ ਏਜੰਸੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ’ਚ ਲੋੜੀਂਦੀ ਲੇਬਰ ਉਪਲਬਧ ਕਰਵਾਈ ਜਾਵੇ ਤਾਂ ਜੋ ਝੋਨੇ ਦੀ ਲਿਫਟਿੰਗ ਹੋਰ ਤੇਜ਼ ਹੋ ਸਕੇ। ਉਨ੍ਹਾਂ ਟਰਾਂਸਪੋਰਟਰਾਂ ਨੂੰ ਮੰਡੀਆਂ ਵਿੱਚ ਲੋੜੀਂਦੀ ਮਾਤਰਾ ’ਚ ਟਰਾਂਸਪੋਰਟ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਅਤੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਖਰੀਦੇ ਗਏ ਝੋਨੇ ਨੂੰ ਅਲਾਟ ਹੋਈਆ ਮੰਡੀਆਂ ’ਚੋਂ ਜਲਦੀ ਤੋਂ ਜਲਦੀ ਚੁੱਕਿਆ ਜਾਵੇ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ’ਚ 434548 ਮੀਟਰਕ ਝੋਨੇ ਦੀ ਆਮਦ ਹੋਈ, ਜਿਸ ’ਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 406501 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ’ਚੋਂ 205673 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ। ਇਸ ਮੌਕੇ ਡੀ.ਐਫ.ਐਸ.ਸੀ. ਗੁਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ, ਸ਼ੈਲਰ ਮਾਲਕ ਤੇ ਟਰਾਂਸਪੋਰਟਰ ਵੀ ਹਾਜ਼ਰ ਸਨ।

