ਪਦਉੱਨਤ ਹੋਏ ਅਧਿਕਾਰੀਆਂ ਨੂੰ ਨਵੀਂ ਜਿੰਮੇਵਾਰੀ ਲਈ ਹੌਸਲਾ ਅਫਜਾਈ ਅਤੇ ਉਜਵਲ ਭਵਿੱਖ ਲਈ ਦਿੱਤੀਆ ਸ਼ੁੱਭ ਕਾਮਨਾਵਾਂ
ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਜ ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਵੱਲੋਂ ਅੱਜ ਪਦਉੱਨਤ ਹੋਏ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀ.ਐਸ.ਪੀ.) ਜਗਤਾਰ ਸਿੰਘ, ਸੰਜੀਵ ਕੁਮਾਰ ਅਤੇ ਮਨੋਜ ਕੁਮਾਰ ਦੀ ਪਿੱਪਿੰਗ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਦੀਆਂ ਮਹਿਕਮਾ ਪੁਲਿਸ ਵਿੱਚ ਵਧੀਆਂ ਸੇਵਾਵਾ ਦਾ ਜਿਕਰ ਕੀਤਾ। ਜਿਸ ਦੌਰਾਨ ਉਹਨਾਂ ਵੱਲੋ ਪਦਉੱਨਤ ਹੋਏ ਅਧਿਕਾਰੀਆਂ ਨੂੰ ਨਵੀਂ ਜਿੰਮੇਵਾਰੀ ਲਈ ਹੌਸਲਾ ਅਫਜਾਈ ਦਿੱਤੀ ਗਈ ਅਤੇ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਸਬੰਧੀ ਅਸ਼ਵਨੀ ਕਪੂਰ ਡੀ.ਆਈ.ਜੀ. ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਤਰੱਕੀ ਇਹਨਾਂ ਅਧਿਕਾਰੀਆਂ ਦੀ ਕਠਿਨ ਮਿਹਨਤ, ਨਿਸ਼ਠਾ ਅਤੇ ਜਿੰਮੇਵਾਰ ਨਾਲ ਡਿਊਟੀ ਨਿਭਾਉਣ ਦਾ ਨਤੀਜਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਵੀਂ ਪਦਵੀ ਉਨ੍ਹਾਂ ਉੱਤੇ ਹੋਰ ਵਧੀਕ ਜ਼ਿੰਮੇਵਾਰੀ ਲਿਆਉਂਦੀ ਹੈ ਜੋ ਕਿ ਉਨ੍ਹਾਂ ਨੂੰ ਲੋਕ ਸੇਵਾ ਵਿੱਚ ਹੋਰ ਨਿਖਾਰ ਲਿਆਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜਾਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਆਪਣੀ ਭੂਮਿਕਾ ਹੋਰ ਵੀ ਵਧੀਆਂ ਤਰੀਕੇ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਕਿਹਾ ਕਿ ਪਦਉੱਨਤੀ ਨਾਲ ਨਾ ਸਿਰਫ਼ ਅਧਿਕਾਰੀ ਦੀ ਜਿੰਮੇਵਾਰੀ ਵਧਦੀ ਹੈ, ਸਗੋਂ ਪਬਲਿਕ ਦੀ ਉਮੀਦ ਵੀ ਵਧਦੀ ਹੈ। ਅਸੀਂ ਇਹ ਉਮੀਦ ਕਰਦੇ ਹਾਂ ਕਿ ਤਰੱਕੀ ਪ੍ਰਾਪਤ ਅਧਿਕਾਰੀ ਆਪਣੀ ਨਵੀਂ ਭੂਮਿਕਾ ਵਿੱਚ ਨੈਤਿਕ ਮੂਲਾਂ, ਪੇਸ਼ੇਵਰਾਨਾ ਤਰੀਕਿਆਂ ਅਤੇ ਸਮਾਜ ਪ੍ਰਤੀ ਦਿਲੋਂ ਸਮਰਪਣ ਨਾਲ ਕੰਮ ਕਰਦੇ ਹੋਏ ਲੋਕ ਸੇਵਾ ਨੂੰ ਹੋਰ ਉੱਚੇ ਮਿਆਰ ’ਤੇ ਲੈ ਕੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਪੁਲਿਸਿੰਗ ਚੁਣੌਤੀਆਂ ਨਾਲ ਭਰਪੂਰ ਹੈ, ਅਜਿਹੇ ਸਮੇਂ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਧਿਕਾਰੀ ਨਾ ਸਿਰਫ ਕਾਨੂੰਨ ਦੀ ਰਖਵਾਲੀ ਕਰਨ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਇਕ ਸਿਹਤਮੰਦ ਤੇ ਸੁਰੱਖਿਅਤ ਸਮਾਜ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਆਸ ਜਤਾਈ ਕਿ ਤਰੱਕੀ ਪ੍ਰਾਪਤ ਅਧਿਕਾਰੀ ਜਨਤਕ ਸੇਵਾ ਪ੍ਰਤੀ ਉੱਚ ਪੱਧਰੀ ਪੇਸ਼ੇਵਾਰਾਨਾ ਵਚਨਬੱਧਤਾ ਅਤੇ ਸਮਰਪਣ ਨਾਲ ਆਪਣਾ ਫ਼ਰਜ਼ ਨਿਭਾਉਣਗੇ।