ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ’ਚ ਗੈਸਟ ਫੈਕਲਟੀਆਂ ’ਚ ਨਿਰਾਸ਼ਾ
ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਆਲ ਪੰਜਾਬ ਡੀ.ਐਸ.ਟੀ. ਸੀਟੀਐਸ ਕੰਟਰੈਕਟ ਇੰਸਟਰਕਟਰ ਯੂਨੀਅਨ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ, ਜਿਸ ਦੇ ਚੱਲਦਿਆਂ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਹੀ ਲੰਬੇ ਸਮੇਂ ਤੋਂ ਉਹ ਵੱਖ-ਵੱਖ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਬਤੌਰ ਗੈਸਟ ਫੈਕਲਟੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਕਾ ਪੁੱਕਾ 15000 ਉੱਪਰ ਆਪਣਾ ਜੀਵਨ ਬਹੁਤ ਹੀ ਮੁਸ਼ਕਿਲ ਨਾਲ ਬਸਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਅੱਜ ਤੱਕ ਉਹ ਆਪਣੀਆਂ ਜਾਇਜ਼ ਮੰਗਾਂ ਜਿਵੇਂ ਕਿ ਤਨਖਾਹਾਂ ਵਿੱਚ ਵਾਧਾ ਅਤੇ 58 ਸਾਲ ਤੱਕ ਸੇਵਾ ਸੁਰੱਖਿਆ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਜਿਵੇਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਤਕਨੀਕੀ ਸਿੱਖਿਆ ਮੰਤਰੀਆਂ ਨਾਲ ਬਹੁਤ ਵਾਰ ਮੀਟਿੰਗਾਂ ਕਰ ਚੁੱਕੇ ਹਨ ਪਰ ਸਰਕਾਰ ਵੱਲੋਂ ਕੇਵਲ ਅੱਜ ਤੱਕ ਉਹਨਾਂ ਨੂੰ ਲਾਰੇ ਹੀ ਮਿਲੇ, ਪਿਛਲੇ ਇੱਕ ਮਹੀਨੇ ਵਿੱਚ ਵਿੱਤ ਮੰਤਰੀ ਚੀਮਾ ਸਾਹਿਬ ਵੱਲੋਂ ਉਹਨਾਂ ਨੂੰ ਦੋ ਵਾਰ ਮੀਟਿੰਗਾਂ ਦਿੱਤੀਆਂ ਗਈਆਂ ਅਤੇ ਚੰਡੀਗੜ੍ਹ ਬੁਲਾ ਕੇ ਮੀਟਿੰਗਾਂ ਮੰਤਰੀ ਸਾਹਿਬ ਵੱਲੋਂ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਉਹਨਾਂ ਦੀਆਂ ਜਾਇਜ਼ ਮੰਗਾਂ, ਜੋ ਕਿ ਸਰਕਾਰ ਨੇ ਪੂਰੀਆਂ ਕਰਨ ਦੇ ਵਾਅਦੇ ਕੀਤੇ ਹੋਏ ਸਨ, ਅੱਜ ਤੱਕ ਨਹੀਂ ਪੂਰੀਆਂ ਨਹੀਂ ਕੀਤੀਆਂ, 700 ਦੇ ਕਰੀਬ ਕੱਚੇ ਇੰਸਟਰਕਟਰ ਹਨ ਜੋ ਵੱਖ-ਵੱਖ ਆਈ ਟੀ ਆਈਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਤਕਨੀਕੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਇੰਸਟਰਕਟਰਾਂ ਦੀਆਂ ਪੋਸਟਾਂ ਕੱਢਣ ਜਾ ਰਹੇ ਹਨ। ਜਿਸ ਦੇ ਚਲਦੇ ਜੋ ਇੰਸਟਰਕਟਰ ਲੰਮੇ ਸਮੇਂ ਤੋਂ ਇਹਨਾਂ ਆਈਟੀਆਈਜ ਵਿੱਚ ਸੇਵਾਵਾਂ ਨਿਭਾਅ ਰਹੇ ਹਨ, ਉਹ ਅੱਜ ਦੇ ਦਿਨ ਵਿੱਚ ਓਵਰਏਜ ਹੋ ਚੁੱਕੇ ਹਨ। ਜੇਕਰ ਇਹ ਭਰਤੀ ਕੀਤੀ ਗਈ ਤਾਂ ਬਹੁਤ ਸਾਰੇ ਕੱਚੇ ਇੰਸਟਰਕਟਰਾਂ ਘਰ ਤੋਰ ਦਿੱਤਾ ਜਾਵੇਗਾ। ਜਦਕਿ ਮੁੱਖ ਮੰਤਰੀ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਜਿੰਨੇ ਵੀ ਕੱਚੇ ਮੁਲਾਜ਼ਮ ਹਨ ਸਾਰਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਇਹਨਾਂ ਸਾਰੇ ਕੱਚੇ ਇੰਸਟਰਕਟਰਾਂ ਨੂੰ ਪੱਕਾ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਤੋਂ ਭੱਜ ਕੇ ਨਵੀਆਂ ਇੰਸਟਰਕਟਰਾਂ ਦੀਆਂ ਪੋਸਟਾਂ ਕੱਢ ਕੇ ਇਹਨਾਂ ਨੂੰ ਘਰ ਤੋਰਨ ਦੀ ਤਿਆਰੀ ਕਰ ਲਈ ਹੈ। ਜੇਕਰ ਪਜਾਬ ਸਰਕਾਰ ਨੇ ਕੱਚੇ ਇੰਸਟਰਕਟਰਾਂ ਦੀਆਂ ਮੰਗਾਂ ਆਉਣ ਵਾਲੇ ਦਿਨਾਂ ਵਿੱਚ ਨਾ ਮੰਨੀਆਂ ਅਤੇ ਇੰਸਟਰਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਪੂਰੀ ਯੂਨੀਅਨ ਵੱਲੋਂ ਆਪਣੇ ਹੱਕਾਂ ਨੂੰ ਬਚਾਉਣ ਲਈ ਸੜਕਾਂ ਉੱਪਰ ਉਤਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਸਰਕਾਰ ਖਿਲਾਫ ਪੂਰੇ ਕੱਚੇ ਇੰਸਟਰਕਟਰ ਵੱਡੇ ਸੰਘਰਸ਼ ਨੂੰ ਵਿੱਡ ਦੇਣਗੇ। ਇਸ ਵਿੱਚ ਜੋ ਵੀ ਹਰਜਾਨਾ ਹੋਵੇਗਾ, ਉਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਸਿੰਘ ਰੁਪਾਣਾ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਗੁਰਜੀਤ ਸਿੰਘ, ਸਵਰਨ ਸਿੰਘ, ਧਰਮਿੰਦਰ ਸਿੰਘ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

