ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਗਾਂਧੀ ਜੀ ਦੇ ਪਹਿਰਾਵੇ ਨੂੰ ਪਹਿਨ ਕੇ ਰਾਸ਼ਟਰੀ ਤੇ ਦੇਸ਼-ਭਗਤੀ ਦੇ ਗੀਤਾਂ ’ਤੇ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਕੁਝ ਬੱਚਿਆਂ ਨੇ ਨਾਟਕ, ਭਾਸ਼ਣ, ਗੀਤ, ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਰਾਹੀਂ ਗਾਂਧੀ ਜੀ ਦੇ ਜੀਵਨ ਅਤੇ ਸਿਧਾਂਤਾਂ ਬਾਰੇ ਚਾਨਣਾ ਪਾ ਕੇ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ। ਇਸ ਸਮੇਂ ਗਾਂਧੀ ਜੀ ਦੇ ਜੀਵਨ ਬਾਰੇ ਕੁਇਜ ਮੁਕਾਬਲਾ ਵੀ ਕਰਵਾਇਆ ਗਿਆ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ-ਦਿਨ ਅਹਿੰਸਾ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਗਾਂਧੀ ਜੀ ਕਹਿੰਦੇ ਸਨ ਕਿ ਅਹਿੰਸਾ ਇੱਕ ਦਰਸਨ, ਇੱਕ ਸਿਧਾਂਤ ਅਤੇ ਇੱਕ ਅਨੁਭਵ ਹੈ, ਜਿਸ ਦੇ ਆਧਾਰ ਤੇ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਮਾਜ ਤੋਂ ਛੂਤ-ਛਾਤ ਨੂੰ ਦੂਰ ਕਰਨ, ਹੋਰ ਸਮਾਜਿਕ ਬੁਰਾਈਆਂ ਨੂੰ ਮਿਟਾਉਣ, ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਮਹਿਲਾ ਸ਼ਕਤੀਕਰਨ ਆਦਿ ਦੇ ਲਈ ਪੁਰਜੋਰ ਪ੍ਰਯਤਨ ਕੀਤੇ। ਉਪਰੰਤ ਅਸ਼ੋਕ ਚਾਵਲਾ ਨੇ ਵੀ ਕਿਹਾ ਕਿ ਗਾਂਧੀ ਜਯੰਤੀ ਸਾਰੇ ਭਾਰਤੀਆਂ ਦੇ ਲਈ ਵਿਸ਼ੇਸ਼ ਦਿਨ ਹੈ। ਇਹ ਸਾਡੇ ਲਈ ਗਾਂਧੀ ਜੀ ਦੇ ਸੰਘਰਸ਼ ਅਤੇ ਤਿਆਗ ਨੂੰ ਯਾਦ ਕਰਨ ਦਾ ਅਵਸਰ ਹੈ। ਉਨ੍ਹਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੀਆਂ ਸਿਖਿਆਵਾਂ, ਆਦਰਸਾਂ ਅਤੇ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਭਾਰਤ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਦੇਸ ਬਣਾਉਣ ਦੀ ਦਿਸ਼ਾ ਵਿੱਚ ਯਤਨਸੀਲ ਰਹਾਂਗੇ। ਅੰਤ ਵਿੱਚ ਇਸ ਸਮੇਂ ਕਰਵਾਏ ਮੁਕਾਬਲਿਆਂ ’ਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
