ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਰਾਸਤੀ ਇਮਾਰਤਾਂ ਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਅਗਲੀ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੂਕ ਕਰਨ ਤੇ ਉਤਸ਼ਾਹ ਪੈਦਾ ਕਰਨ ਨੂੰ ਸਮਰਪਤ ਰਾਸ਼ਟਰ ਪੱਧਰੀ ਸੰਸਥਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਕਲਚਰਲ ਹੈਰੀਟੇਜ਼ (ਇੰਟੈਕ) ਵੱਲੋਂ ਸਕੂਲ ਪੱਧਰ ਤੇ ਵਿਦਿਆਰਥੀਆਂ ਦੇ ਗਿਆਨ ਪਰਖ ਮੁਕਾਵਲੇ ਕਰਵਾਏ ਜਾਂਦੇ ਹਨ। ਇਸੇ ਲੜੀ ਵਿੱਚ 22 ਵਿਦਿਆਰਥੀਆਂ ’ਤੇ ਅਧਾਰਤ ਇੱਕ ਪਰਖ ਪ੍ਰੀਖਿਆ ਸਥਾਨਕ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ। ਬਲਤੇਜ ਸਿੰਘ ਬਰਾੜ ਜਿਲ੍ਹਾ ਕਨਵੀਨਰ ਤੇ ਇੰਜ. ਰਾਜ ਕੁਮਾਰ ਅਗਰਵਾਲ ਕੋ-ਕਨਵੀਨਰ ਦੀ ਅਗਵਾਈ ਹੇਠ ਇਸ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਸਕੂਲ ਦੇ ਅਧਿਆਪਕ ਵਿਕਰਮਜੀਤ ਸਿੰਘ ਵੱਲੋਂ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਤੇ ਸਰਪ੍ਰਸਤ ਅਸ਼ੋਕ ਚਾਵਲਾ ਦੀ ਨਿਗਰਾਨੀ ਹੇਠ ਹੋਈ ਪ੍ਰੀਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਸੀ। ਇਸ ਮੌਕੇ ਪਿਛਲੇ ਸਮੇਂ ਦੌਰਾਨ ਇਨਟੈਕ ਵੱਲੋਂ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਮਲ 20 ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਵਿਦਿਆਰਥੀਆਂ ਨੂੰ ਪ੍ਰੀਖਿਆ ਪ੍ਰਤੀ ਉਤਸ਼ਾਹਤ ਕਰਨ ਲਈ ਸਕੂਲ ਦੇ ਅਧਿਆਪਕ ਸਮਤਾ ਦੂਆ ਅਤੇ ਸੋਨਮ ਚਾਵਲਾ ਦੀ ਭੂਮਿਕਾ ਵੀ ਬੜੀ ਅਹਿਮ ਰਹੀ। ਵਰਨਣਯੋਗ ਹੈ ਕਿ ਇਸ ਪ੍ਰੀਖਿਆ ਵਿੱਚ ਉੱਚਤਮ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਟੇਟ ਪੱਧਰ ’ਤੇ ਹੋਣ ਵਾਲੀ ਕੁਇਜ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ। ਅੱਜ ਦੀ ਇਸ ਪ੍ਰੀਖਿਆ ਵਿੱਚ ਬੈਠੇ ਹਰ ਵਿਦਿਆਰਥੀ ਨੂੰ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ।