20 ਨਵੰਬਰ ਨੂੰ ਫਰੀਦਕੋਟ ਤੋਂ ਰਵਾਨਾ ਹੋਵੇਗਾ ਨਗਰ ਕੀਰਤਨ : ਡੀ.ਸੀ.
ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਫਰੀਦਕੋਟ ਦੀ ਪਵਿੱਤਰ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਵਸ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੇ ਬਾਬਾ ਜੈਤਾ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਮਾਲਵਾ ਜੋਨ ਦਾ ਅਲੋਕਿਕ ਨਗਰ ਕੀਰਤਨ 20 ਨਵੰਬਰ ਨੂੰ ਕਿਲ੍ਹਾ ਮੁਬਾਰਕ ਫਰੀਦਕੋਟ ਵਿੱਚ ਸਥਿਤ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਨਗਰ ਕੀਰਤਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨਿਯੁਕਤ ਡਿਊਟੀ ਮੈਜਿਸਟ੍ਰੇਟਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਦੌਰਾਨ ਅਧਿਕਾਰੀਆਂ ਤੋਂ ਉਨ੍ਹਾਂ ਦੇ ਕੀਤੇ ਕੰਮਾਂ ਸਬੰਧੀ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਹਦਾਇਤ ਕੀਤੀ ਕਿ ਸਬੰਧਤ ਵਿਭਾਗਾਂ ਨੂੰ ਦਿੱਤੇ ਗਏ ਕੰਮ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਕੰਮਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਤੀ 20 ਨਵੰਬਰ ਨੂੰ ਸਵੇਰੇ ਆਰੰਭ ਹੋਣ ਵਾਲੇ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਵੀ ਭਾਗ ਲੈਣਗੇ, ਜੋ ਨਗਰ ਕੀਰਤਨ ਉੱਪਰ ਫੁੱਲਾਂ ਦੀ ਵਰਖਾ ਕਰਨਗੇ ਅਤੇ ਇੱਕ ਮਨੁੱਖੀ ਚੈਨ ਬਣਾ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 3 ਸਕੂਲਾਂ ਦੇ ਬੈੱਡ ਵੀ ਨਗਰ ਕੀਰਤਨ ਦੀ ਸ਼ੋਭਾ ਵਿੱਚ ਚਾਰ ਚੰਨ ਲਾਉਣਗੇ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਮਿਤੀ 20 ਨਵੰਬਰ ਤੋਂ ਸਵੇਰੇ 8 ਵਜੇ ਕਿਲ੍ਹਾ ਮੁਬਾਰਕ ਵਿੱਚ ਸਥਿਤ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਜਿਵੇਂ ਕਿ ਹੁੱਕੀ ਚੌਂਕ, ਘੰਟਾ ਘਰ ਚੌਂਕ, ਭਾਈ ਘੱਨਈਆ ਚੌਂਕ, ਸਾਦਿਕ ਚੌਂਕ, ਨਾਨਕਸਰ ਬਸਤੀ, ਪਿੰਡ ਪਿੱਪਲੀ, ਰਾਜੋਵਾਲਾ ਤੋਂ ਗੋਲੇਵਾਲਾ ਹੁੰਦਾ ਹੋਇਆ ਫਿਰੋਜ਼ਪੁਰ ਵਿਖੇ ਦਾਖਲ ਹੋਵੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਨਗਰ ਕੀਰਤਨ ਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਲੰਗਰ ਵਾਲੀਆਂ ਥਾਵਾਂ ਤੇ ਕੂੜੇਦਾਨ ਲਗਾਏ ਜਾਣ ਤਾਂ ਜੋ ਸ਼ਹਿਰ ਦੀ ਸੁਦੰਰਤਾ ਬਰਕਰਾਰ ਰੱਖੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਕੰਮ ਮਰਿਆਦਾ ਵਿੱਚ ਰਹਿ ਕੇ ਕੀਤੇ ਜਾਣ। ਇਸ ਤੋਂ ਇਲਾਵਾ ਸੜਕਾਂ ਦੀ ਸਫਾਈ, ਸਟਰੀਟ ਲਾਈਟਾਂ ਆਦਿ ਦੀ ਸਫਾਈ ਅਤੇ ਮੁਰਮੰਤ ਕਰਵਾਈ ਜਾਵੇ। ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਸਮੇਂ ਆਪਣੇ ਕੰਮ ਪੂਰੇ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ ਕੋਟਕਪੂਰਾ/ਜੈਤੋ ਸੂਰਜ ਕੁਮਾਰ, ਜੀ.ਏ. ਫਰੀਦਕੋਟ ਗੁਰਕਿਰਨਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਈ.ਓ ਫਰੀਦਕੋਟ ਅਮ੍ਰਿਤ ਲਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

