ਲਾਪਰਵਾਹੀ ਕਰਨ ਵਾਲਿਆਂ ‘ਤੇ ਕਾਰਵਾਈ ਵੀ ਯਕੀਨੀ ਬਣਾਈ ਜਾਵੇਗੀ : ਅਰਸ਼ ਸੱਚਰ
ਫਰੀਦਕੋਟ, 3 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿੱਚ ਡੇਂਗੂ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਦੇ ਬਹੁਤ ਵਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਜਨਹਿੱਤ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਮਾਜ ਸੇਵੀ ਅਰਸ਼ ਸੱਚਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਨੂੰ ਤੁਰੰਤ ਫੋਗਿੰਗ ਅਤੇ ਐਂਟੀ-ਮੱਛਰ ਸਪਰੇਅ ਡਰਾਈਵ ਲਈ ਮੰਗ ਪੱਤਰ ਭੇਜਿਆ ਗਿਆ ਹੈ।
ਅਰਸ਼ ਸੱਚਰ ਨੇ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਵਿੱਚ ਕਾਫ਼ੀ ਸਮੇਂ ਤੋਂ ਫੋਗਿੰਗ ਨਹੀਂ ਹੋਈ, ਜਿਸ ਨਾਲ ਲੋਕਾਂ ਦੀ ਸਿਹਤ ਖ਼ਤਰੇ ਵਿੱਚ ਹੈ। ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਇਹ ਸਥਿਤੀ ਖਾਸ ਤੌਰ ‘ਤੇ ਚਿੰਤਾਜਨਕ ਹੈ। ਅਰਸ਼ ਸੱਚਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਤੁਰੰਤ ਫੋਗਿੰਗ ਅਤੇ ਕੇਮਿਕਲ ਸਪਰੇਅ ਮੁਹਿੰਮ ਸ਼ੁਰੂ ਹੋਵੇ, ਪਿੰਡ–ਪਿੰਡ ਅਤੇ ਵਾਰਡ–ਵਾਰਡ ਟੀਮਾਂ ਤੈਨਾਤ ਕੀਤੀਆਂ ਜਾਣ, ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਕਾਰਵਾਈ ਰਿਪੋਰਟ ਜਾਰੀ ਕਰੇ, ਜਾਗਰੂਕਤਾ ਮੁਹਿੰਮ ਅਤੇ ਲਾਰਵਾ ਰੋਕਥਾਮ ਟੀਮਾਂ ਤੈਨਾਤ ਹੋਣ। ਅਰਸ਼ ਸੱਚਰ ਨੇ ਆਖਿਆ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ, ਇਹ ਸਰਕਾਰ ਲੋਕਾਂ ਦੀ ਹੈ ਅਤੇ ਹਰ ਨਾਗਰਿਕ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲਾਪਰਵਾਹੀ ਕਰਨ ਵਾਲਿਆਂ ‘ਤੇ ਕਾਰਵਾਈ ਵੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਕੋਈ ਅਫ਼ਸਰ ਜਾਂ ਏਜੰਸੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੇ।ਜਨਤਾ ਨੂੰ ਵੀ ਅਪੀਲ ਹੈ ਕਿ ਘਰ ਅਤੇ ਆਸ-ਪਾਸ ਸਾਫ਼-ਸਫਾਈ ਰੱਖਣ, ਬਰਤਨਾਂ ਅਤੇ ਖੁੱਲ੍ਹੇ ਪਾਣੀ ਵਾਲੇ ਸਥਾਨਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ।

