ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ ਵਿੱਚ ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮਿਉਂਸਪਲ ਕੌਂਸਲ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੁਰਤ ਪ੍ਰਭਾਵ ਨਾਲ ਫੋਗਿੰਗ ਕਾਰਜ ਨੂੰ ਤੇਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਨਿਰੰਤਰ ਫੋਗਿੰਗ ਕੀਤੀ ਜਾਵੇ ਅਤੇ ਇਸਦੀ ਦਿਨ-ਪ੍ਰਤੀ-ਦਿਨ ਰਿਪੋਰਟ ਤਿਆਰ ਕਰਕੇ ਸਬੰਧਤ ਵਿਭਾਗਾਂ ਨੂੰ ਭੇਜੀ ਜਾਵੇ, ਤਾਂ ਜੋ ਕਿਸੇ ਵੀ ਇਲਾਕੇ ਵਿੱਚ ਮੱਛਰਾਂ ਤੇ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਪੀਕਰ ਸੰਧਵਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਛੱਡੇ ਹੋਏ ਪਲਾਟਾਂ, ਨਿਕਾਸੀ ਵਾਲੀਆਂ ਨਲੀਆਂ ਅਤੇ ਖਾਲੀ ਪਏ ਭਾਂਡਿਆਂ ਦੀ ਜਾਂਚ ਨਿਯਮਿਤ ਤੌਰ ’ਤੇ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਪਾਣੀ ਇਕੱਠਾ ਹੋ ਰਿਹਾ ਹੈ, ਉਥੇ ਤੁਰਤ ਸਫਾਈ ਅਤੇ ਸਪਰੇਅ ਕੀਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਨਤਕ ਥਾਵਾਂ ਜਿਵੇਂ ਸਕੂਲ, ਬੱਸ ਅੱਡਾ, ਸਰਕਾਰੀ ਦਫਤਰ, ਹਸਪਤਾਲ, ਮੈਰਿਜ਼ ਪੈਲੇਸ ਆਦਿ ਵਿੱਚ ਵੀ ਛੁੱਟੀ ਦੇ ਸਮੇ ਫੋਗਿੰਗ ਕੀਤੀ ਜਾਇਆ ਕਰੇ ਤਾਂ ਜ਼ੋ ਡੇਂਗੂ ਦੀ ਬਿਮਾਰੀ ਤੋਂ ਬਚਾਅ ਹੋ ਸਕੇ। ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਸਿਰਫ਼ ਸਰਕਾਰੀ ਉਪਰਾਲਿਆਂ ਨਾਲ ਹੀ ਨਹੀਂ, ਸਗੋਂ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨ, ਗਮਲੇ ਜਾਂ ਕੁਲਰਾਂ ਦਾ ਪਾਣੀ ਨਿਯਮਿਤ ਤੌਰ ’ਤੇ ਬਦਲਣ ਅਤੇ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ ਕਰਨ। ਸਪੀਕਰ ਸੰਧਵਾਂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਜਾਗਰੂਕਤਾ ਮੁਹਿੰਮਾਂ ਨੂੰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਹਰ ਨਾਗਰਿਕ ਨੂੰ ਇਸ ਬਿਮਾਰੀ ਤੋਂ ਬਚਾਅ ਬਾਰੇ ਪੂਰੀ ਜਾਣਕਾਰੀ ਮਿਲ ਸਕੇ।

