ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੈਦੇਕੇ ਵਿੱਚ ਇੱਕ ਗਰੀਬ ਖੇਤ ਮਜ਼ਦੂਰ ਪਰਿਵਾਰ ਦੀ ਕਿਸਮਤ ਅਚਾਨਕ ਚਮਕ ਗਈ ਹੈ। ਦਿਹਾੜੀਦਾਰ ਮਜ਼ਦੂਰ ਨਸੀਬ ਕੌਰ ਨੇ ਪੰਜਾਬ ਸਟੇਟ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ। ਇਹ ਟਿਕਟ (200 ਰੁਪਏ ਵਾਲੀ) ਉਨ੍ਹਾਂ ਦੇ ਪਤੀ ਰਾਮ ਸਿੰਘ ਨੇ ਨਸੀਬ ਕੌਰ ਦੇ ਨਾਮ ’ਤੇ ਖਰੀਦੀ ਸੀ। ਹਾਲਾਂਕਿ ਇਸ ਵੱਡੀ ਜਿੱਤ ਦਾ ਜਸ਼ਨ ਮਨਾਉਣ ਦੀ ਬਜਾਏ, ਪਰਿਵਾਰ ਫਿਰੌਤੀ ਦੀਆਂ ਧਮਕੀਆਂ ਦੇ ਡਰੋਂ ਕਿੱਧਰੇ ਜਾ ਕੇ ਲੁਕ ਗਿਆ ਹੈ, ਡਰ ਕਾਰਨ ਉਨ੍ਹਾਂ ਨੇ ਆਪਣਾ ਘਰ ਬੰਦ ਕਰ ਦਿੱਤਾ ਹੈ ਅਤੇ ਅਣਦੱਸੀ ਥਾਂ ’ਤੇ ਚਲੇ ਗਏ ਹਨ, ਇੱਥੋਂ ਤੱਕ ਕਿ ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ। ਲਾਟਰੀ ਵੇਚਣ ਵਾਲੇ ਰਾਜੂ ਨੇ ਜਦੋਂ ਜੇਤੂ ਟਿਕਟ ਬਾਰੇ ਦੱਸਣ ਲਈ ਰਾਮ ਸਿੰਘ ਨੂੰ ਕਈ ਵਾਰ ਫੋਨ ਕੀਤਾ, ਤਾਂ ਪਹਿਲਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਜਦੋਂ ਪਰਿਵਾਰ ਮਿਲਿਆ ਤਾਂ ਰਾਜੂ ਉਨ੍ਹਾਂ ਨੂੰ ਜੇਤੂ ਟਿਕਟ ਜਮਾਂ ਕਰਾਉਣ ਲਈ ਚੰਡੀਗੜ੍ਹ ਸਥਿੱਤ ਲਾਟਰੀ ਦਫ਼ਤਰ ਤੱਕ ਲੈ ਕੇ ਗਿਆ। ਪਰਿਵਾਰ ਦੇ ਡਰ ਨੂੰ ਘੱਟ ਕਰਨ ਲਈ ਫਰੀਦਕੋਟ ਦੇ ਐੱਸ.ਐੱਚ.ਓ. ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ। ਤਰਲੋਚਨ ਸਿੰਘ ਡੀ.ਐੱਸ.ਪੀ. ਫਰੀਦਕੋਟ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਕਿਸੇ ਵੀ ਸ਼ੱਕੀ ਕਾਲ ਦੀ ਸੂਚਨਾ ਤੁਰਤ ਪੁਲੀਸ ਨੂੰ ਦਿੱਤੀ ਜਾਵੇ।
