ਭੂਤਾਂ- ਪਰੇਤਾਂ,ਜਿੰਨ ,ਚੂੜੇਲਾਂ ਦੀਆਂ ਕਹਾਣੀਆਂ ਸਭ ਮਨਘੜਤ -ਤਰਕਸ਼ੀਲ
ਸੰਗਰੂਰ 30 ਜੂਨ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਗਿਣਨਯੋਗ, ਬੇਅੰਤ ਸੁਖ ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ । ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਸਹੂਲਤਾਂ ਵਿੱਚ ਵਿਗਿਆਨਕ ਖੋਜਾਂ ਦੀ ਬੱਲੇ ਬੱਲੇ ਹੋ ਰਹੀ ਹੈ।ਇਹ ਵੱਖਰੀ ਗਲ ਹੈ ਕਿ ਬਹੁਤ ਵਾਰੀ ਵਿਗਿਆਨਕ ਖੋਜਾਂ ,ਕਾਢਾਂ ਦੀ ਦੁਰਵਰਤੋਂ ਹੁੰਦੀ ਹੈ। ਟੈਲੀਵਿਜ਼ਨ ਲੈ ਲਵੋ ਇਸਨੂੰ ਦੇਖਣ ਸੁਨਣ ਲਈ ਦੋ ਗਿਆਨ ਇੰਦਰੀਆਂ ਅੱਖਾਂ ਤੇ ਕੰਨ ਕੰਮ ਕਰਦੇ ਹਨ,ਇਸ ਲਈ ਇਹ ਸਾਡੇ ਦਿਲ ਦਿਮਾਗ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦੇ ਹਨ।ਪਰ ਅਕਸਰ ਕਾਰਪੋਰੇਟ , ਸਰਮਾਏਦਾਰ , ਸੱਤਾ ਤੇ ਕਾਬਜ਼ ਘਰਾਣੇ ਵਿਗਿਆਨ ਦੀਆਂ ਖੋਜਾਂ,ਤਕਨੀਕਾਂ ਦੀ ਹਮੇਸ਼ਾ ਆਪਣੇ ਮਕਸਦ ਲਈ ਵਰਤਦੇ ਹਨ। ਕਹਿ ਲਵੋ ਦੁਰਵਰਤੋਂ ਕਰਦੇ, ਅੰਧਵਿਸ਼ਵਾਸ ਫੈਲਾਉਂਦੇ ਹਨ।ਇਲੈਕਟ੍ਰੋਨਿਕ ਮੀਡੀਆ ਲੈ ਲਵੋ, ਚੈਨਲਾਂ ਤੇ ਆਉਂਦੇ ਬਹੁਤੇ ਪ੍ਰੋਗਰਾਮ ਅਸਲੀਅਤ ਤੋਂ ਕੋਹਾਂ ਦੂਰ, ਅਸ਼ਲੀਲਤਾ ਤੇ ਮਨਘੜਤ, ਗੈਰ ਵਿਗਿਆਨਕ, ਅਰਥਹੀਣ ਕਹਾਣੀਆਂ ਨਾਲ ਸਬੰਧਤ ਹੁੰਦੇ ਹਨ।ਇਨ੍ਹਾਂ ਦਾ ਦੇਸ਼ ਦੇ ਭਵਿੱਖ ਬੱਚਿਆਂ ਦੀ ਮਾਨਸਿਕਤਾ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਬੱਚਿਆਂ ਨੂੰ ਜਾਗਰੂਕ, ਉਨ੍ਹਾਂ ਦੀ ਸ਼ਖਸੀਅਤ ਦਾ ਬਹੁਪੱਖੀ ਵਿਕਾਸ,ਵਿਗਿਆਨਕ ਸੋਚ ਤੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਖ਼ੋਜੀ ਤੇ ਕਾਢੀ ਬਣਾਉਣ ਵਾਲੇ ਨਾ ਮਾਤਰ ਪ੍ਰੋਗਰਾਮ ਦੇਖਣ ਨੂੰ ਮਿਲਦੇ ਹਨ। ਜਿਸ ਕਰਕੇ ਬੱਚੇ ਦੀਆਂ ਅੰਦਰੂਨੀ ਸ਼ਕਤੀਆਂ, ਪ੍ਰਤਿਭਾ ਅਣਵਿਕਸਤ ਰਹਿ ਜਾਂਦੀਆਂ ਹਨ।ਮਨਘੜਤ ,ਡਰਾਵਣੇ ਅਸ਼ਲੀਲਤਾ ਭਰਪੂਰ ਗੈਰ ਵਿਗਿਆਨਕ ਸੀਰੀਅਲ ਦਿਖਾ ਕੇ ਬੱਚਿਆਂ ਦੀ ਮਾਨਸਿਕਤਾ ਵਿਗਾੜਦੇ ਨਜ਼ਰ ਆਉਂਦੇ ਹਨ। ਜੇ ਇਲੈਕਟ੍ਰੋਨਿਕ ਮੀਡੀਆ,ਟੀ ਵੀ ਵਗੈਰਾ ਤੇ ਵਿਗਿਆਨਕ ਸੋਚ, ਖੋਜਾਂ -ਕਾਢਾਂ ਵਾਲੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣ ਤਾਂ ਬੱਚਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਬਹੁਮੁੱਲੇ ਕੀਮਤੀ ਹੀਰੇ ਰੂਪੀ ਵਿਅਕਤੀ/ ਨਾਗਰਿਕ ਬਣਾਉਣ ਵਿੱਚ ਬਹੁਤ ਮਦਦਗਾਰ ਹੋ ਸਕਦੇ ਹਨ ਕਿਉਂਕਿ ਬੱਚੇ ਦੀ ਸ਼ਖ਼ਸੀਅਤ ਤੇ ਹਰ ਕਹੀ, ਸੁਣੀ ,ਦੇਖੀ ਗਲ ਦਾ ਅਸਰ ਹੁੰਦਾ ਹੈ।ਵਾਰ ਵਾਰ ਦੁਹਰਾਈ ਗਲ ਬੱਚੇ ਦੇ ਮਨ ਤੇ ਡੂੰਘਾ ਅਸਰ ਪਾਉਂਦੀ ਹੈ।ਜੋ ਦੇਖਣਗੇ ਉਸੇ ਤਰ੍ਹਾਂ ਦੇ ਬਣਨਗੇ। ਟੀ ਵੀ ਵਗੈਰਾ ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਬੱਚਿਆਂ ਦੀ ਸੋਚ ਖੁੰਢੀ , ਡਰਾਵਣੀ ਮਾਨਸਿਕਤਾ ਬਣਾਉਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ। ਬੱਚਿਆਂ ਦੇ ਮਨ ਕੋਰੀ ਸਲੇਟ , ਕੋਰੇ ਕਾਗਜ਼ ਹੁੰਦੇ ਹਨ ਜੋ ਸੁਨਣਗੇ ,ਦੇਖਣਗੇ ਉਨ੍ਹਾਂ ਦੀ ਮਨ ਰੂਪੀ ਸਲੇਟ /ਕੋਰੇ ਕਾਗਜ਼ ‘ਤੇ ਉਹੀ ਉੱਕਰਿਆ ਜਾਵੇਗਾ , ਲਿਖਿਆ ਜਾਵੇਗਾ,ਉਸੇ ਤਰ੍ਹਾਂ ਦੀ ਮਾਨਸਿਕਤਾ ਦੇ ਮਾਲਕ ਬਣਨਗੇ। ਡਰਾਵਣੇ ਭੂਤਾਂ ਪ੍ਰੇਤਾਂ ਦੀਆਂ ਮਨਘੜਤ ਕਹਾਣੀਆਂ ਵਾਲੇ ਲੜੀਵਾਰਾਂ ਤੋਂ ਬੱਚਿਆਂ ਦੀਆਂ ਮਨੋਭਾਵਨਾਵਾਂ ਤੇ ਪਏ ਮਾੜੇ ਪ੍ਰਭਾਵਾਂ ਦੇ ਬਹੁਤ ਸਾਰੇ ਕੇਸ ਤਰਕਸ਼ੀਲ ਸੁਸਾਇਟੀ ਪੰਜਾਬ ਕੋਲ ਆਉਂਦੇ ਹਨ ਤੇ ਮਨੋਵਿਗਿਆਨੀਆਂ ਤੇ ਮਾਨਸਿਕ ਰੋਗ ਮਾਹਿਰ ਡਾਕਟਰਾਂ ਤੋਂ ਠੀਕ ਕਰਵਾਏ ਜਾਂਦੇ ਹਨ।
ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ।ਪਿਛਲੇ ਕਈ ਸਾਲ ਪਹਿਲਾਂ ਦੀ ਗਲ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਪਟਿਆਲਾ ਜ਼ਿਲ੍ਹੇ ਦੀ ਮੰਡੀ ਪਾਤੜਾਂ ਦਾ ਇਕ ਸੱਤਵੀਂ ਜਮਾਤ ਵਿੱਚ ਪੜ੍ਹਦੀ ਛੋਟੀ ਬੱਚੀ ਦਾ ਕੇਸ ਆਇਆ। ਬੱਚੀ ਇੱਕ ਸੀਰੀਅਲ ਦੇ ਵਿੱਚ ਡੈਣ ਦੇ ਰੋਲ ਤੋਂ ਇਨ੍ਹਾਂ ਡਰ ਗਈ ਕਿ ਅੱਖਾਂ ਖੋਲ੍ਹਣ ਤੋਂ ਵੀ ਡਰਣ ਲਗ ਪਈ । ਮਹਿਸੂਸ ਕਰਨ ਲਗ ਪਈ ਕਿ ਜੇ ਅੱਖਾਂ ਖੋਲ੍ਹੀਆਂ ਤਾਂ ਡੈਣ ਖਾ ਜਾਵੇਗੀ।ਡਰ ਮਾਰੇ ਅੱਖਾਂ ਨਹੀਂ ਖੋਲ੍ਹ ਰਹੀ ਸੀ । ਪਹਿਲਾਂ ਪਰਿਵਾਰ ਨੇ ਸੋਚਿਆ ਲੜਕੀ ਤੇ ਓਪਰੀ ਸ਼ੈਅ ਦਾ ਅਸਰ ਹੈ।ਦੋ ਦਿਨ ਸਿਆਣਿਆਂ ਤੋਂ ਧਾਗੇ ਤਵੀਤ ਕਰਵਾਉਣ ਤੋਂ ਬਾਅਦ ਤਰਕਸ਼ੀਲ ਸੋਚ ਦੇ ਮਾਲਿਕ ਇੱਕ ਅਧਿਆਪਕ ਦੇ ਕਹਿਣ ਤੇ ਪਰਿਵਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨਾਲ ਸੰਪਰਕ ਕੀਤਾ। ਅੱਖਾਂ ਬੰਦ ਰੱਖਣ ਤੋਂ ਚੌਥੇ ਦਿਨ ਬਾਅਦ ਪਰਿਵਾਰ ਬੱਚੇ ਨੂੰ ਲੈ ਕੇ ਸਾਡੇ ਕੋਲ ਆਇਆ। ਅਸੀਂ ਗੁਰਦੀਪ ਸਿੰਘ ਲਹਿਰਾ, ਲੈਕਚਰਾਰ ਕ੍ਰਿਸ਼ਨ ਸਿੰਘ ਤੇ ਮੇਰੇ ਆਧਾਰਿਤ ਤਿੰਨ ਮੈਂਬਰੀ ਟੀਮ ਨੇ ਮਾਪਿਆਂ ਨਾਲ ਮਨੋਵਿਗਿਆਨਕ ਤੇ ਵਿਗਿਆਨਕ ਆਧਾਰ ਤੇ ਪੜਤਾਲ ਕੀਤੀ। ਸਿੱਟਾ ਸੀ ਕਿ ਅੰਧਵਿਸ਼ਵਾਸੀ ਪਰਿਵਾਰ ਹੋਣ ਕਾਰਨ, ਵਡੇਰਿਆਂ ਤੋਂ ਭੂਤ ਪ੍ਰੇਤਾਂ ਦੀਆਂ ਗੱਲਾਂ ਬਾਤਾਂ ਸੁਨਣ ਤੇ ਸੀਰੀਅਲ ਵਿੱਚ ਡੈਣ ਦੇ ਰੋਲ ਤੋਂ ਲੜਕੀ ਬਹੁਤ ਜ਼ਿਆਦਾ ਡਰ ਗਈ ਸੀ। ਸੀਰੀਅਲ ਵਿੱਚ,ਡੈਣ ਦਾ ਰੋਲ ਬੜਾ ਭਿਆਨਕ /ਡਰਾਵਣਾ ਸੀ। ਡਰ ਬੱਚੀ ਦੀ ਕੋਮਲ ਮਾਨਸਿਕਤਾ ਨੂੰ ਟੁੰਬ ਗਿਆ! ਬੱਚੀ ਮਹਿਸੂਸ ਕਰ ਰਹੀ ਸੀ ਜੇ ਮੈਂ ਅੱਖਾਂ ਖੋਲ੍ਹੀਆਂ ਤਾਂ ਡੈਣ ਮੈਨੂੰ ਨਿਗਲ ਜਾਵੇਗੀ ।ਇਸ ਲਈ ਇਸ ਡਰੋਂ ਉਹ ਅੱਖਾਂ ਨਹੀਂ ਖੋਲ੍ਹ ਰਹੀ ਸੀ।ਇਹ ਸਚਾਈ ਭਰਪੂਰ ਘਟਨਾ ਹੈ। ਉਸ ਦੀ ਮਾਨਸਿਕਤਾ ਇੰਨੀ ਝੰਜੋੜੀ ਗਈ ਸੀ ਕਿ ਉਸਨੂੰ ਨੀਂਦ ਵੀ ਦਵਾਈ ਲੈ ਕੇ ਆਉਂਦੀ ਸੀ,ਹਰ ਸਮੇਂ ਡਰੀ ਡਰੀ ਰਹਿੰਦੀ ਸੀ । ਅਸੀਂ ਬੱਚੀ ਨੂੰ ਬਿਠਾ ਕੇ ਭੂਤਾਂ, ਪਰੇਤਾਂ,ਜਿੰਨ ਚੂੜੇਲਾਂ ,ਡੈਣਾਂ ਦੀ ਅਸਲੀਅਤ ਬਾਰੇ ਦੱਸਿਆ ਕਿ ਇਹ ਸਭ ਮਨੋਕਲਪਿਤ , ਮਨਘੜਤ ਹਨ,ਅਸਲ ਵਿੱਚ ਇਨ੍ਹਾਂ ਦੀ ਕੋਈ ਹੋਂਦ ਨਹੀਂ।ਉਸਾਰੂ, ਸਾਰਥਿਕ, ਦਲੇਰੀ ਭਰਪੂਰ ਤੇ ਨਾ ਡਰਨ ਦੇ ਸੁਝਾਅ ਦਿੱਤੇ।ਉਸ ਅੰਦਰੋਂ ਡਰ ਦੇ ਮਹੌਲ ਨੂੰ ਹਲਕਾ ਕਰਕੇ ਸਕੂਨ ਤੇ ਚੈਨਮਈ, ਸੁਖਾਵੇਂ ਮਾਹੌਲ ਵਿੱਚ ਲਿਆ ਕੇ ਬੱਚੀ ਨੂੰ ਦੱਸਿਆ ਕਿ ਤੇਰੇ ਮਨ ਅੰਦਰ ਡੈਣ ਦੀ ਸ਼ਕਲ ਹੈ।ਇਹ ਫੋਟੋਆਂ ਹੁੰਦੀਆਂ, ਸ਼ਕਲਾਂ ਹੁੰਦੀਆਂ ਹਨ, ਕੁੱਝ ਕਹਿੰਦੀਆਂ ਨਹੀਂ, ਇਨ੍ਹਾਂ ਵਿੱਚ ਜਾਨ ਨਹੀਂ ਹੁੰਦੀ,ਤੇਰੇ ਮਨ , ਦਿਮਾਗ ਅੰਦਰੋਂ ਡੈਣ ਦੀ ਬਣੀਆਂ ਫੋਟੋਆਂ/ਸ਼ਕਲਾਂ ਖਤਮ ਕਰ ਦਿੱਤੀਆਂ ਜਾਣਗੀਆਂ,ਡਰਨ ਦੀ ਲੋੜ ਨਹੀਂ, ਸਾਡੇ ਤੇ ਵਿਸ਼ਵਾਸ ਰੱਖ, ਇਨ੍ਹਾਂ ਨੂੰ ਰੂੰ ਦੀ ਤਰ੍ਹਾਂ ਉਡਾ ਦਿੱਤਾ ਜਾਵੇਗਾ।,ਇਹ ਸੁਆਹ ਦੀ ਸੋਟੀ ਤਰ੍ਹਾਂ ਹੁੰਦੀਆਂ ਹਨ,ਜਿਸ ਦੀ ਵਰਤੋਂ ਨਾਲ ਸੱਟ ਨਹੀਂ ਲਗਦੀ।” ਅਪਣਾਪਣ,ਖੁਸ਼ਗਵਾਰ, ਵਿਸ਼ਵਾਸ ਪੂਰਨ ਤੇ ਚੈਨਮਈ ਮਾਹੌਲ ਪੈਦਾ ਕਰਕੇ ਉਸ ਨੂੰ ਆਪਣੇ ਪ੍ਰਭਾਵ ਵਿੱਚ ਲਿਆਂਦਾ , ਹੁਣ ਉਹ ਹਲਕੀ ਨੀਂਦ ਮਹਿਸੂਸ ਕਰ ਰਹੀ ਸੀ , ਅਸੀਂ ਉਸਨੂੰ ਡੈਣ ਦੇ ਖ਼ਤਮ ਹੋਣ ਤੇ ਅੱਗੇ ਤੋਂ ਕਦੇ ਵੀ ਡੈਣ ਸਮੇਤ ਹੋਰ ਮਨੋਕਲਪਿਤ ਸ਼ੈਆਂ ਨਾ ਦਿੱਸਣ ਦੇ ਨਾਲ ਨਾਲ ਉਸ ਅੰਦਰ ਬਣੀਆਂ ਡੈਣ ਤੇ ਹੋਰ ਡਰਾਉਣੀਆਂ ਸ਼ਕਲਾਂ ਦੀਆਂ ਫੋਟੋਆਂ ਖਤਮ ਕਰਨ ਦੇ ਸੁਝਾਅ ਦਿੱਤੇ ਤੇ ਕਿਹਾ ਡੈਣ ਖ਼ਤਮ ਹੋ ਗਈ ਹੈ, ਤੈਨੂ ਹੁਣ ਕਿਸੇ ਵੀ ਡਰਾਉਣੀ ਚੀਜ਼ ਤੋਂ ਡਰ ਨਹੀਂ ਲੱਗੇਗਾ, ਤੈਨੂੰ ਪਤਾ ਲਗ ਚੁੱਕਿਆਂ ਹੈ ਕਿ ਸੀਰੀਅਲ ਵਾਲੀ ਡੈਣ ਦੇਖਣ ਤੋਂ ਦਿਮਾਗ ਵਿੱਚ ਬਣੀਆਂ ਡਰਾਵਣੀ ਚੀਜ਼ਾਂ ਦੀਆਂ ਫੋਟੋਆਂ ਸੀ,ਉਹ ਖਤਮ ਹੋ ਗਈਆਂ ਹਨ । ਅਸੀਂ ਉਸਨੂੰ ਵਾਰ ਵਾਰ ਕਿਹਾ ਕਿ ਮਨਘੜ੍ਹਤ ਚੀਜ਼ਾਂ ਦੀਆਂ ਸ਼ਕਲਾਂ ਸਾਡੇ ਕਹੇ ਅਨੁਸਾਰ ਆਪਣੇ ਆਪ ਬਿਨਾਂ ਕੁਝ ਕਹੇ ਦਿਲ, ਦਿਮਾਗ ਤੋਂ ਸਾਫ਼ ਹੋ ਜਾਂਦੀਆਂ ਹਨ। ਇਹ ਸਾਫ਼ ਹੋ ਚੁੱਕੀਆਂ ਹਨ, ਖ਼ਤਮ ਹੋ ਚੁੱਕੀਆਂ, ਹੁਣ ਤੈਨੂੰ ਕਦੇ ਵੀ ਡਰ ਨਹੀਂ ਲੱਗੇਗਾ ,ਤੂੰ ਇਨ੍ਹਾਂ ਦੀ ਅਸਲੀਅਤ ਜਾਣ ਚੁੱਕੀ ਹੈ ।ਇਹ ਖ਼ਤਮ ਹੋ ਚੁਕੀਆਂ ਹਨ ਕਦੇ ਵੀ ਨਹੀਂ ਦਿਖਣਗੀਆਂ । ਤੂੰ ਆਪਣੇ ਆਪ ਨੂੰ ਹਲਕਾ ਤੇ ਡਰ ਮੁਕਤ ਮਹਿਸੂਸ ਕਰ ਰਹੀ ਹੈਂ।ਤੂੰ ਹੁਣ ਆਰਾਮ ਨਾਲ ਅੱਖਾਂ ਖੋਲ੍ਹ ਸਕਦੀ ਹੈਂ।ਇਸ ਦੁਨੀਆਂ ਵਿੱਚ ਭੂਤ ਪ੍ਰੇਤ ਕੁਚੀਲ ਜਿੰਨ ਡੈਣ ਕੁੱਝ ਵੀ ਨਹੀਂ, ਉਸਨੂੰ ਫਿਰ ਨਿਡਰ ਹੋ ਕੇ ਅੱਖਾਂ ਖੋਲ੍ਹਣ ਦਾ ਸੁਝਾਅ ਦਿੱਤਾ। ਉਸਨੇ ਸਾਡੇ ਸੁਝਾਅ ਤੇ ਅਮਲ ਕਰਦਿਆਂ ਆਪਣੀਆਂ ਅੱਖਾਂ ਖੋਲ੍ਹ ਲਈਆਂ ਤੇ ਆਪਣੇ ਆਪ ਨੂੰ ਅਨਜਾਣ ਥਾਂ ਦੇਖ ਕੇ ਹੈਰਾਨੀ ਪ੍ਰਗਟਾਈ ਤੇ ਕੁੱਝ ਸਮੇਂ ਬਾਅਦ ਆਪਣੀ ਮਾਂ ਨੂੰ ਜੱਫੀ ਪਾ ਲਈ। ਸਾਡੇ ਵਲ ਇਸ਼ਾਰਾ ਕਰਦਿਆਂ ਉਸ ਦੀ ਮਾਂ ਨੇ ਕਿਹਾ ਇਨ੍ਹਾਂ ਡੈਣ ਭਜਾ ਕੇ ਤੇ ਡਰ ਮੁਕਤ ਕਰਕੇ ਤੇਰੀ ਅੱਖਾਂ ਖੁਲ੍ਹਵਾਈਆਂ ਹਨ।ਉਸ ਸਾਡੇ ਵਲ ਮੁਸਕਰਾਹਟ ਵਖੇਰਦਿਆਂ, ਧੰਨਵਾਦ ਦਾ ਸੁਨੇਹਾ ਦਿੱਤਾ। ਅਸੀਂ ਮਾਪਿਆਂ ਨੂੰ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਡਰਾਵਣੀਆਂ,ਮਨਘੜਤ , ਮਨੋਕਲਪਿਤ, ਅਸ਼ਲੀਲਤਾ ਤੇ ਗੈਰ ਵਿਗਿਆਨਕ ਵਾਲੇ ਸੀਰੀਅਲ ਨਾ ਦੇਖਣ ਦਿਆ ਕਰੋ,ਆਪ ਵੀ ਨਾ ਦੇਖਿਆ ਕਰੋ। ਬੱਚੀ ਤੁਹਾਡੀ ਹੁਣ ਠੀਕ ਹੈ। ਅਗਲੇ ਹਫਤੇ ਫਿਰ ਲਿਆਉਣਾ। ਉਹ ਹਫਤੇ ਬਾਅਦ ਫਿਰ ਆਏ, ਕੁੜੀ ਹਸਦੀ ਨੇ ਸਾਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਮੈਂ ਹੁਣ ਠੀਕ ਹਾਂ ਅੱਗੇ ਤੋਂ ਮੈਂ ਅਜਿਹੇ ਸੀਰੀਅਲ ਨਹੀਂ ਦੇਖੂੰਗੀ। ਕ੍ਰਿਸ਼ਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਅਰਥਹੀਣ ਪਿਕਚਰਜ਼ ਤੇ ਸੀਰੀਅਲ ਤੋਂ ਜਿਨ੍ਹਾਂ ਤੋਂ ਸਿੱਖਣ ਲਈ ਕੁੱਝ ਨਹੀਂ ਹੁੰਦਾ ਉਹ ਬੱਚਿਆਂ ਨੂੰ ਦੇਖਣ ਨਾ ਦਿਆ ਕਰੋ। ਪਿਕਚਰਾਂ, ਮੂਵੀਆਂ ਤੇ ਲੜੀਵਾਰ ਉਹ ਦੇਖੋ ਜਿਨ੍ਹਾਂ ਤੋਂ ਬੱਚਿਆਂ ਨੂੰ ਗਿਆਨ ਮਿਲ਼ੇ, ਵਿਗਿਆਨ ਦਾ ਚਾਨਣ ਮਿਲੇ।ਅਸ਼ਲੀਲਤਾ ਪੂਰਨ ,ਡਰ ਪੈਦਾ ਕਰਨ ਵਾਲੇ, ਮਨਘੜਤ, ਲੜੀਵਾਰ ਬੱਚਿਆਂ ਦੀ ਮਾਨਸਿਕਤਾ ਵਿਗਾੜਦੇ ਹਨ। ਬੱਚੀ ਨੂੰ ਕਿਹਾ ਭੂਤਾਂ ਪ੍ਰੇਤਾਂ ਤੋਂ ਡਰਿਆ ਨਾ ਕਰੋ, ਇਨ੍ਹਾਂ ਵਿੱਚ ਜਾਨ ਨਹੀਂ ਹੁੰਦੀ,ਇਹ ਤਾਂ ਡਰਦਿਆਂ ਨੂੰ ਡਰਾਉਂਦੇ ਹਨ, ਨਿਡਰ, ਵਿਗਿਆਨਕ ਸੋਚ ਵਾਲੇ ਤੇ ਸੂਝਵਾਨ ਲੋਕਾਂ ਤੋਂ ਡਰਦੇ ਹਨ। ਇਸ ਲਈ ਬਹਾਦਰ, ਸੂਝਵਾਨ ਤੇ ਵਿਗਿਆਨਕ ਸੋਚ ਦੇ ਧਾਰਨੀ ਬਣੋ ਤੇ ਦੂਜਿਆਂ ਨੂੰ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਲਿਆਉਣ ਲਈ ਯਤਨਸ਼ੀਲ ਰਹੋ। ਵਧੀਆ ਵਿਚਾਰਾਂ ਵਾਲੀਆਂ ਕਿਤਾਬਾਂ ਪੜ੍ਹੋ, ਕਿਤਾਬਾਂ ਨੂੰ ਦੋਸਤ ਬਣਾਓ।ਉਨ੍ਹਾਂ ਨੂੰ ਬਹੁਤ ਸਾਰੀਆਂ ਵਿਗਿਆਨਕ ਸੋਚ ਵਾਲੀਆਂ ਤੇ ਪੁਰਾਣੇ ਤਰਕਸ਼ੀਲ ਮੈਗਜ਼ੀਨ ਪੜ੍ਹਨ ਨੂੰ ਦਿੱਤੇ।ਚਾਹ ਦਾ ਕੱਪ ਪਿਆ ਕੇ ਤੇ ਵਿਗਿਆਨਕ ਸੋਚ ਦਾ ਛੱਟਾ ਦੇ ਕੇ ਤੋਰਿਆ।