
ਸੂਬਾ ਪੱਧਰੀ ਚੇਤਨਾ ਪ੍ਰੀਖਿਆ 5 ਤੇ 6 ਅਕਤੂਬਰ ਨੂੰ ਸਵੇਰੇ 9ਵਜੇ ਤੋਂ 10:10 ਤੱਕ
ਸੰਗਰੂਰ 2 ਅਕਤੂਬਰ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕੱਤਰਤਾ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸਥਾਨਕ ਬੀਐਸਐਨਐਲ ਪਾਰਕ ਵਿੱਚ ਚੇਤਨਾ ਪਰਖ਼ ਪ੍ਰੀਖਿਆ ਸਬੰਧੀ ਹੋਈ। ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਗੁਰਦੀਪ ਸਿੰਘ ਲਹਿਰਾ ਨੇ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਿਗਿਆਨਕ ਚੇਤਨਾ ਦਾ ਪ੍ਰਚਾਰ ਕਰਨ ਵਾਲੀ ਇਕ ਅਜਿਹੀ ਸੰਸਥਾ ਹੈ ਜਿਹੜੀ ਲੰਮੇ ਸਮੇਂ ਤੋਂ ਸਮਾਜ ਵਿੱਚ ਪ੍ਰਚਲਤ ਅੰਧਵਿਸ਼ਵਾਸਾਂ ,ਵਹਿਮ -ਭਰਮਾਂ ਤੇ ਪਿਛਾਂਹ ਖਿੱਚੂ ਸੰਸਕਾਰਾਂ ਤੇ ਰਸਮੋ ਰਿਵਾਜਾਂ ਦੇ ਖਾਤਮੇ ਲਈ ਯਤਨਸ਼ੀਲ਼ ਹੈ ।
ਸੁਸਾਇਟੀ ਵੱਲੋਂ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਪਿਛਲੇ 7 ਸਾਲਾਂ ਤੋਂ ਹਰ ਸਾਲ ਇਕ ਪ੍ਰੀਖਿਆ ਲਈ ਜਾਂਦੀ ਹੈ ,ਜਿਸ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਵਿਦਿਆਰਥੀਆਂ ਭਾਗ ਲੈਂਦੇ ਹਨ।ਇਸ ਲਈ ਤਰਕਸ਼ੀਲ ਸੁਸਾਇਟੀ ਮਿਡਲ ਅਤੇ ਸੈਕੰਡਰੀ ਸ਼੍ਰੇਣੀਆਂ ਲਈ ਦੋ ਵੱਖ ਵੱਖ ਪੁਸਤਕਾਂ ਛਾਪਦੀ ਹੈ ,ਜਿਨ੍ਹਾਂ ਵਿੱਚ ਅੰਧਵਿਸ਼ਵਾਸ ਅਤੇ ਵਹਿਮਾਂ- ਭਰਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਅਪਨਾਉਣ ਲਈ ਸੇਧ ਦੇਣ ਵਾਲੇ ਪਾਠ ਹੁੰਦੇ ਹਨ।
ਆਗੂਆਂ ਦੱਸਿਆ ਕਿ ਹੜ੍ਹਾਂ ਕਾਰਨ ਮੁਲਤਵੀ ਕੀਤੀ ਇਹ ਸੂਬਾ ਪੱਧਰੀ ਸਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ 5 ਤੇ 6ਅਕਤੂਬਰ ਨੂੰ ਸਵੇਰੇ 9:30ਤੋਂ10:10ਨੂੰ ਲਈ ਜਾਵੇਗੀ। ਵਿਦਿਆਰਥੀਆਂ ਨੇ ਸਵੇਰੇ 9 ਪ੍ਰੀਖਿਆ ਕੇਂਦਰ ਵਿੱਚ ਆਉਣਾ ਹੈ।ਇਸ ਸਾਲ ਇਹ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੈ। ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੱਖਾਂ ਰੁਪਏ ਦੀਆਂ ਅਗਾਂਹ ਵਧੂ ਵਿਚਾਰਾਂ ਵਾਲੀਆਂ ਪੁਸਤਕਾਂ ਇਨਾਮ ਵਿੱਚ ਦਿਤੀਆਂ ਜਾਣਗੀਆਂ ਅਤੇ ਪੰਜਾਬ ਪੱਧਰ ਤੇ ਸਿਖਰਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਕਾਈ ਸੰਗਰੂਰ ਵੱਲੋਂ 13 ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾ ਰਹੀ ਪ੍ਰੀਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।