ਸੰਗਰੂਰ 4 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਦੇ ਆਗੂਆਂ ਮਾਸਟਰ ਪਰਮ ਵੇਦ,ਸੋਹਣ ਸਿੰਘ ਮਾਝੀ , ਗੁਰਜੰਟ ਸਿੰਘ ਬਣਵਾਲਾ ਤੇ ਸੀਤਾ ਰਾਮ ਬਾਲਦ ਕਲਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਪੰਜਾਬ ਭਰ ਦੇ ਵਿਦਿਆਰਥੀਆਂ ਦੀ ਇਕ ਚੇਤਨਾ ਪਰਖ਼ ਪ੍ਰੀਖਿਆ ਲਈ ਜਾਂਦੀ ਹੈ।ਇਹ ਪ੍ਰੀਖਿਆ ਲੈਣ ਦੇ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਅਤੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ, ਉਨ੍ਹਾਂ ਨੂੰ ਸਾਡੇ ਇਤਿਹਾਸ ਦੇ ਸ਼ਾਨਾਮੱਤੇ ਪੱਖਾਂ ਤੋਂ ਜਾਣੂੰ ਕਰਵਾਉਣਾ ਅਤੇ ਸਮਾਜ ਦੇ ਅਸਲ ਨਾਇਕਾਂ ਦੇ ਰੂ -ਬ -ਰੂ ਕਰਵਾਉਣਾ ਆਦਿ ਹਨ।ਇਸ ਵਾਰ ਦੀ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗਦਰੀ ਗੁਲਾਬ ਕੌਰ ਨੂੰ ਸਮਰਪਿਤ ਹੈ।ਇਸ ਪ੍ਰੀਖਿਆ ਲਈ ਮਿਡਲ ਅਤੇ ਸੈਕੰਡਰੀ ਜਮਾਤਾਂ ਲਈ ਦੋ ਵੱਖ ਵੱਖ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਗਿਆਨ ਵਿਗਿਆਨ ਨਾਲ ਭਰਪੂਰ, ਚੰਗੀ ਉਸਾਰੂ ਸੋਚ ਪੈਦਾ ਕਰਨ ਵਾਲਾ ਅਤੇ ਪ੍ਰੇਰਨਾਦਾਇਕ ਮੈਟਰ ਸ਼ਾਮਲ ਕੀਤਾ ਗਿਆ ਹੈ। ਅਗਸਤ ਮਹੀਨੇ ਦੀ 29 ਅਤੇ 31 ਮਿਤੀਆਂ ਨੂੰ ਇਨ੍ਹਾਂ ਪੁਸਤਕਾਂ ਵਿੱਚੋਂ ਅਬਜੈਕਟਿਵ ਟਾਈਪ 60 ਪ੍ਰਸ਼ਨਾਂ ‘ਤੇ ਆਧਾਰਤ 40 ਮਿੰਟ ਦੇ ਲਈ ਓ ਐਮ ਆਰ ਸ਼ੀਟ ਤੇ ਪ੍ਰੀਖਿਆ ਲਈ ਜਾਵੇਗੀ। ਆਗੂਆਂ ਇਨਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦਾ ਪ੍ਰੀਖਿਆ ਵਿੱਚ ਬੈਠਣਾ ਵੀ ਇਕ ਪ੍ਰਾਪਤੀ ਹੈ ਪਰ ਬੱਚਿਆਂ ਵਿੱਚ ਮਿਹਨਤ ਦੀ ਰੁਚੀ ਪੈਦਾ ਕਰਨ ਲਈ ਅਤੇ ਚੰਗੀ ਕਾਰਗੁਜ਼ਾਰੀ ਕਰਨ ਵਾਲਿਆਂ ਦਾ ਉਤਸ਼ਾਹ ਵਧਾਉਣ ਲਈ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਨਾਮ ਦਿੱਤੇ ਜਾਣਗੇ।ਸਟੇਟ ਪੱਧਰ ਉੱਤੇ ਹਰ ਸ਼੍ਰੇਣੀ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ1500/- ਨਕਦ ਇਨਾਮ, 500/-ਰੁਪਏ ਦੀਆਂ ਕਿਤਾਬਾਂ ਦੇ ਸੈੱਟ,ਇਕ ਸਾਲ ਲਈ ਮੈਗਜ਼ੀਨ ਅਤੇ ਸਨਮਾਨ ਪੱਤਰ ਦਿਤਾ ਜਾਵੇਗਾ। ਮੈਗਜ਼ੀਨ ਵਿੱਚ ਉਨ੍ਹਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।ਇਸੇ ਤਰ੍ਹਾਂ ਜ਼ੋਨ ਪੱਧਰ ਅਤੇ ਇਕਾਈ ਪੱਧਰ ਉੱਤੇ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਅਤੇ ਪੋਜੀਸ਼ਨ ਸਰਟੀਫਿਕੇਟ ਦਿੱਤੇ ਜਾਣਗੇ । ਪ੍ਰੀਖਿਆ ਵਿੱਚ 35% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਗੁਰਦੀਪ ਸਿੰਘ ਲਹਿਰਾ, ਸੁਰਿੰਦਰ ਪਾਲ ਉਪਲੀ, ਪ੍ਰਗਟ ਸਿੰਘ ਤੇ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਪ੍ਰੀਖਿਆ ਦੀ ਸ਼ਰਤਾਂ ਬਾਰੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਇਕ ਸਕੂਲ ਦੇ ਸਾਰੇ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ।ਪ੍ਰੀਖਿਆ ਵਿਚ ਭਾਗ ਵਾਲੇ ਹਰ ਵਿਦਿਆਰਥੀ ਲਈ ਸਿਲੇਬਸ ਪੁਸਤਕ ਲੈਣੀ ਲਾਜ਼ਮੀ ਹੈ। ਪ੍ਰੀਖਿਆ ਲਈ ਪੁਸਤਕ ਦੀ ਕੀਮਤ ਤੋਂ ਇਲਾਵਾ ਹੋਰ ਕੋਈ ਫੀਸ ਨਹੀਂ ਲਈ ਜਾਵੇਗੀ।ਐਂਟਰੀ ਫਾਰਮ ਸਕੂਲ ਮੁਖੀ ਤੋਂ ਤਸਦੀਕ ਹੋਣਾ ਚਾਹੀਦਾ ਹੈ ਜਾਂ ਵਿਦਿਆਰਥੀ ਆਪਣੇ ਪੜ੍ਹਦੇ ਹੋਣ ਦਾ ਕੋਈ ਵੀ ਸਬੂਤ ਦੇ ਕੇ ਪ੍ਰੀਖਿਆ ਵਿੱਚ ਭਾਗ ਲੈ ਸਕਦਾ ਹੈ।ਇਸ ਪ੍ਰੀਖਿਆ ਲਈ ਐਂਟਰੀ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31 ਜੁਲਾਈ 2025 ਹੈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ www Tarksheel .com.in ਉਤੇ 10 ਅਗਸਤ 2025 ਤਕ ਆਨਲਾਈਨ ਕਰਵਾਈ ਜਾ ਸਕਦੀ ਹੈ
ਹੋਰ ਜਾਣਕਾਰੀ ਲਈ ਕਿਸੇ ਵੀ ਤਰਕਸ਼ੀਲ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰੀਖਿਆ ਸਬੰਧੀ ਸਾਰੀ ਜਾਣਕਾਰੀ www.tarksheel .com.in ਵੈਬਸਾਈਟ ਉਪਰ ਉਪਲਬਧ ਹੈ ।ਵੈਬਸਾਈਟ ਸੰਬੰਧੀ ਜਾਣਕਾਰੀ ਲਈ ਮਾਸਟਰ ਗਗਨ ਰਾਮਪੁਰਾ ਨਾਲ 9872507229 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਆਗੂਆਂ ਸਾਰੇ ਸਤਿਕਾਰਤ ਸਕੂਲ ਮੁਖੀਆਂ, ਅਧਿਆਪਕਾਂ, ਮਾਪਿਆਂ ਤੇ ਪਿਆਰੇ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।