ਦਰੱਖਤਾਂ ਦੇ ਖਾਤਮੇ ਵਾਲੀਆਂ ਸਾਜਿਸ਼ਾਂ ਦੇ ਕਰਾਂਗੇ ਪਰਦੇਫਾਸ਼ : ਬਰਾੜ/ਹਾਲੀ
ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਨ ਅਤੇ ਰੁੱਖਾਂ ਦੀ ਸੰਭਾਲ ਵਿੱਚ ਜੁਟੀ ‘ਸੀਰ’ ਸੰਸਥਾ ਫਰੀਦਕੋਟ ਦੇ ਸੰਸਥਾਪਕ ਸੰਦੀਪ ਅਰੋੜਾ ਅਤੇ ਉਸ ਦੇ ਸਾਥੀਆਂ ਦੀ ਮੰਗ ’ਤੇ ਨਿਊ ਕੈਂਟ ਰੋਡ, ਗਲੀ ਨੰਬਰ 8, ਫਰੀਦਕੋਟ ਦੇ ਨਜ਼ਦੀਕ ਇੱਕ ਜੰਡ ਜੋ ਤਾਂਤਰਿਕਾਂ ਵੱਲੋਂ ਟੂਣੇ ਟਾਮਣ ਲਈ ਵਰਤਿਆ ਜਾ ਰਿਹਾ ਸੀ, ‘ਸੀਰ’ ਸੰਸਥਾ ਦੇ ਆਗੂਆਂ ਨੇ ਦੇਖਿਆ ਕਿ ਜੰਡ ਉੱਤੇ ਲਾਲ ਕੱਪੜੇ ਬੰਨ ਕੇ ਜੰਡ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਉਹਨਾਂ ਸੋਚਿਆ ਕਿ ਕਿਉਂ ਨਾ ਇਸ ਜੰਡ ਦੀ ਤਰਕਸ਼ੀਲਾਂ ਦੀ ਮੱਦਦ ਲੈ ਕੇ ਖਲਾਸੀ ਕਰਾਈ ਜਾਵੇ। ਵਾਤਾਵਰਣ ਪੇ੍ਰਮੀਆਂ ਨੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਆਗੂਆਂ ਨਾਲ ਸੰਪਰਕ ਕੀਤਾ ਤਾਂ ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫਰੀਦਕੋਟ ਦੇ ਪ੍ਰਧਾਨ ਲਖਵਿੰਦਰ ਸਿੰਘ ਹਾਲੀ ਅਤੇ ਸਰਪ੍ਰਸਤ ਜਗਪਾਲ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਕੇ ਜੰਡ ਹੇਠ ਬਣੀ ਹੋਈ ਮਟੀ ਦੀਆਂ ਇੱਟਾਂ ਪਾਸੇ ਕੀਤੀਆਂ, ਵਿੱਚ ਪਏ ਹੋਏ ਦੀਵਿਆਂ ਨੂੰ ਪਾਸੇ ਕਰਕੇ ਟੂਣਾ ਵੀ ਚੁੱਕਿਆ ਅਤੇ ਨਾਲ ਹੀ ਉਹਨਾਂ ਵੱਲੋਂ ਜੰਡ ’ਤੇ ਪਾਏ ਹੋਏ ਲਾਲ ਕੱਪੜਿਆਂ ਨੂੰ ਹਟਾ ਕੇ ਖਲਾਸੀ ਦਵਾਈ। ਇਸ ਮੌਕੇ ਵਿਗਿਆਨ ਜਿੰਦਾਬਾਦ ਦੇ ਨਾਅਰੇ ਵੀ ਲਾਏ। ਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਜੰਡਾਂ ਨੂੰ ਛੱਡ ਕੇ ਹੁਣ ਬੇਰੀਆਂ ਅਤੇ ਨਿੰਮਾਂ ਦੀ ਵੀ ਵਾਰੀ ਆ ਗਈ ਹੈ, ਜੋ ਹੁਣ ਇਹਨਾਂ ਦੀਆਂ ਜੜਾਂ ਵਿੱਚ ਤੇਲ ਪਾ ਕੇ ਇਹਨਾਂ ਨੂੰ ਖਤਮ ਕਰਨ ਲਈ ਅੰਧ-ਵਿਸ਼ਵਾਸੀ ਲੋਕਾਂ ਨੇ ਆਪਣੀ ਵਿਉਂਤ ਬਣਾ ਲਈ ਹੈ। ‘ਸੀਰ’ ਦੇ ਸੰਸਥਾਪਕ ਸੰਦੀਪ ਅਰੋੜਾ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਜਿੱਥੇ ਤਰਕਸ਼ੀਲ ਆਗੂਆਂ ਨੇ ਜੰਡ ਨੂੰ ਖਲਾਸੀ ਦਵਾਈ, ਉੱਥੇ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੰਦਿਆਂ ਵਹਿਮ-ਭਰਮ ਛੱਡਣ ਦੀ ਵੀ ਅਪੀਲ ਕੀਤੀ ਹੈ।

