ਸਰੀ, 26 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਐਬਸਫੋਰਡ (ਬੀਸੀ) ਵੱਲੋਂ ਆਪਣਾ ਸਲਾਨਾ ਸਮਾਗਮ 30 ਅਗਸਤ 2025 (ਸਨਿੱਚਰਵਾਰ) ਦੁਪਹਿਰ 2 ਵਜੇ ਤੋਂ ਮੈਟਸਕਿਊ ਸੈਂਟੇਨੀਅਲ ਆਡੀਟੋਰੀਅਮ (ਸਿਟੀ ਹਾਲ ਐਬਸਫੋਰਡ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਕੱਤਰ ਸੁਰਿੰਦਰ ਚਾਹਲ ਨੇ ਦੱਸਿਆ ਹੈ ਕਿ ਇਹ ਸਮਾਗਮ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਤਰਕਸ਼ੀਲ ਆਗੂ ਡਾਕਟਰ ਬਲਜਿੰਦਰ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਇਸ ਸਮਾਗਮ ਵਿੱਚ ਲੇਖਕ ਤੇ ਨਿਰਦੇਸ਼ਕ ਡਾ. ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁੱਲਾਂਪੁਰ) ਵੱਲੋਂ ਨਾਟਕ ‘ਦੋ ਰੋਟੀਆਂ’ ਖੇਡਿਆ ਜਾਵੇਗਾ, ਗੁਰਪ੍ਰੀਤ ਭਦੌੜ ਵੱਲੋਂ ਜਾਦੂ ਦੇ ਟਰਿੱਕ ਦਿਖਾਏ ਜਾਣਗੇ, ਕੋਰੀਓਗਰਾਫੀਆਂ ਹੋਣਗੀਆਂ ਅਤੇ ਅਗਾਂਹਵਧੂ ਗੀਤ ਸੰਗੀਤ ਹੋਵੇਗਾ। ਸਮਾਗਮ ਵਿੱਚ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਮੁੱਖ ਬੁਲਾਰੇ ਹੋਣਗੇ। ਸੁਰਿੰਦਰ ਚਾਹਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਤੇ ਇਸ ਦੀ ਕੋਈ ਦਾਖਲਾ ਟਿਕਟ ਨਹੀਂ ਹੈ।