ਸੈਲਾਨੀਆਂ ਦੀ ਸੁਰੱਖਿਆ ‘ਚ ਕੋਤਾਹੀ ਲਈ ਕੇਂਦਰ ਸਰਕਾਰ ਜੁੰਮੇਵਾਰ
ਸੰਗਰੂਰ 26 ਅਪ੍ਰੈਲ (ਮਾਸਟਰ ਪਰਮਵੇਦ /ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਕਸ਼ਮੀਰ ਵਾਦੀ ਦੇ ਕਸਬੇ ਪਹਿਲਗਾਮ ਵਿੱਚ 27 ਸੈਲਾਨੀਆਂ ਨੂੰ ਕਤਲ ਕਰਨ ਦੀ ਦਹਿਸ਼ਤੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ, ਇਸਨੂੰ ਭਾਈਚਾਰਕ ਸਾਂਝ ਤੋੜਨ ਦੀ ਇਕ ਗਹਿਰੀ ਸਿਆਸੀ ਸਾਜਿਸ਼ ਕਰਾਰ ਦਿੱਤਾ ਹੈ।ਸੁਪਰੀਮ ਕੋਰਟ ਦੇ ਜੱਜ ਤੋਂ ਨਿਆਂਇਕ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸੁਸਾਇਟੀ ਨੇ ਸੈਲਾਨੀਆਂ ਦੀ ਸੁਰੱਖਿਆ ‘ਚ ਵੱਡੀ ਕੋਤਾਹੀ ਲਈ ਕੇਂਦਰ ਸਰਕਾਰ ਅਤੇ ਇਸਦੀਆਂ ਖੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ ਬਾਲਦ ਕਲਾਂ, ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ, ਪ੍ਰਗਟ ਸਿੰਘ ਬਾਲੀਆਂ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਫਿਰਕੂ ਕਤਲੇਆਮ ਮਹਿਜ ਅੱਤਵਾਦ ਦੀ ਘਟਨਾ ਨਹੀਂ ਬਲਕਿ ਕਸ਼ਮੀਰ ਦੇ ਲੋਕਾਂ ਦੀ ਆਰਥਿਕਤਾ ਤੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਬਰਬਾਦ ਕਰਨ ਅਤੇ ਦੇਸ਼ ਵਿੱਚ ਵੱਡੀ ਪੱਧਰ ਤੇ ਹਿੰਦੂ ਮੁਸਲਿਮ ਫਿਰਕੂ ਦੰਗੇ ਫ਼ਸਾਦ ਕਰਵਾਉਣ ਦੀ ਇਕ ਗਿਣੀ ਮਿੱਥੀ ਸਾਜਿਸ਼ ਹੈ ਜਿਸਦਾ ਪਰਦਾਫਾਸ਼ ਕਰਕੇ ਵੱਡੇ ਪੱਧਰ ਤੇ ਵਿਰੋਧ ਕਰਨ ਦੀ ਲੋੜ ਹੈ। ਤਰਕਸ਼ੀਲ ਆਗੂਆਂ ਨੇ ਪੀੜਿਤ ਪਰਿਵਾਰਾਂ ਦੇ ਡੂੰਘੇ ਦੁੱਖ ਵਿੱਚ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਜ਼ੋਰਦਾਰ ਅਪੀਲ ਕੀਤੀ ਹੈ।

