ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਜੰਗੀ ਪੱਧਰ ਤੇ ਰਾਹਤ ਪਹੁੰਚਾਉਣ ਦੀ ਮੰਗ
ਸੰਗਰੂਰ 8 ਸਤੰਬਰ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ,ਵਿੱਤ ਮੁਖੀ ਸੋਹਣ ਸਿੰਘ ਮਾਝੀ ਤੇ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਜੋਨ ਬਰਨਾਲਾ- ਸੰਗਰੂਰ ਦੀਆਂ ਇਕਾਈਆਂ ਦੇ ਆਗੂਆਂ ਅਤੇ ਮੈਂਬਰਾਂ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਹਮਦਰਦ ਸਾਥੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੀ ਸਮਰਥਾ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਪੀੜਤ ਪਰਿਵਾਰਾਂ ਦੀ ਵਿੱਤੀ ਮਦਦ ਲਈ ਅੱਗੇ ਆਉਣ। ਇਸਦੇ ਨਾਲ ਹੀ ਸੁਸਾਇਟੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਹੜ੍ਹ ਪੀੜਤ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਭੋਜਨ, ਤਰਪਾਲਾਂ ਅਤੇ ਪਸ਼ੂਆਂ ਦੇ ਚਾਰੇ ਸਮੇਤ ਹਰ ਪ੍ਰਕਾਰ ਦੀ ਫੌਰੀ ਮਦਦ ਪਹੁੰਚਾਉਣ ਦੇ ਉਪਰਾਲੇ ਤੇਜ਼ ਕੀਤੇ ਜਾਣ।
ਆਗੂਆਂ ਦੱਸਿਆ ਕਿ ਹੜਾਂ ਦੀ ਕੁਦਰਤੀ ਆਫ਼ਤ ਅਤੇ ਇਨ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਵਿੱਚ ਪੰਜਾਬ ਸਰਕਾਰ ਦੀ ਘੋਰ ਲਾਪਰਵਾਹੀ ਤੇ ਬਦਇੰਤਜ਼ਾਮੀ ਨੇ ਪੰਜਾਬ ਦੇ ਪਿੰਡਾਂ ਦੇ ਲੱਖਾਂ ਲੋਕਾਂ ਦੇ ਘਰਾਂ, ਡੰਗਰਾਂ,ਫ਼ਸਲਾਂ, ਪਸ਼ੂ ਚਾਰਾ,ਖੇਤੀ ਸੰਦਾਂ ਅਤੇ ਜ਼ਮੀਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਜਿਸਦੀ ਭਰਪਾਈ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਜੰਗੀ ਪੱਧਰ ਤੇ ਯਤਨ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਪੀੜਤ ਲੋਕਾਂ ਦੀਆਂ ਲੋੜਾਂ ਵਿੱਚੋਂ ਕੁੱਝ ਦੀ ਪੂਰਤੀ ਲਈ ਆਪਣੇ ਯਤਨਾਂ ਨਾਲ ਸਹਾਇਤਾ ਰਾਸ਼ੀ ਇਕੱਠੀ ਕਰਨ ਦੀ ਜਨਤਕ ਮੁਹਿੰਮ ਚਲਾ ਰਹੀ ਹੈ ਅਤੇ ਇਸ ਇੱਕਠੀ ਹੋਈ ਸਹਾਇਤਾ ਰਾਸ਼ੀ ਨਾਲ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਸਹੀ ਲੋੜਵੰਦਾਂ ਦੀ ਪਹਿਚਾਣ ਕਰਕੇ ਢੁਕਵੇਂ ਸਮੇਂ ਤੇ ਢੁਕਵੀਂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਕਾਈ ਸੰਗਰੂਰ ਦੇ ਆਗੂਆਂ ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਗੁਰਜੰਟ ਸਿੰਘ,ਸੁਖਦੇਵ ਸਿੰਘ ਕਿਸ਼ਨਗੜ੍ਹ ਤੇ ਲੈਕਚਰਾਰ ਜਸਦੇਵ ਸਿੰਘ ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਘਟਣ ਨਾਲ ਜਿਉਂ ਜਿਉਂ ਲੋਕਾਂ ਨੂੰ ਆਪਣੇ ਨੁਕਸਾਨ ਦਾ ਪਤਾ ਚਲੇਗਾ ਤਾਂ ਉਹਨਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹੋਣਗੀਆਂ ਜਿੰਨ੍ਹਾਂ ਲਈ ਕਾਫ਼ੀ ਸਮੇਂ ਤੱਕ ਵੱਡੇ ਪੱਧਰ ਤੇ ਵਿੱਤੀ ਸਹਾਇਤਾ ਦੀ ਲੋੜ ਬਣੀ ਰਹੇਗੀ।
ਤਰਕਸ਼ੀਲ ਆਗੂਆਂ ਨੇ ਅਪੀਲ ਕੀਤੀ ਕਿ ਇਹ ਸਹਾਇਤਾ ਰਾਸ਼ੀ ਤਰਕਸ਼ੀਲ ਸੁਸਾਇਟੀ ਦੀ ਕਿਸੇ ਵੀ ਇਕਾਈ ਰਾਹੀਂ ਦਿੱਤੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234
IFSC ਕੋਡ PUNB 0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੀ ਸੂਚਨਾ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਜੀ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ।