ਰਵਨੀਤ ਬਿੱਟੂ ਅਤੇ ਚਿਰਾਗ ਪਾਸਵਾਨ ਵਰਗੇ ਨੌਜਵਾਨ ਚਿਹਰਿਆਂ ਨੂੰ ਕੇਂਦਰ ਵਿੱਚ ਮੰਤਰੀ ਬਣਾ ਕੇ ਮਾਣ ਬਖਸ਼ਿਆ
ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਵਿੱਚ ਭਾਜਪਾ ਦੀ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਅਤੇ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ ’ਤੇ ਭਾਜਪਾਈ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਦੇ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਦੱਸਿਆ ਕਿ ਪੂਰੇ ਦੇਸ਼ ਸਮੇਤ ਸਾਨੂੰ ਬਹੁਤ ਖੁਸ਼ੀ ਹੈ ਕਿ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ, ਕਿਉਂਕਿ ਦੇਸ਼ ਦੇ ਲੋਕਾਂ ਨੇ ਪਹਿਲਾਂ ਦੀ ਤਰਾਂ ਇਸ ਵਾਰ ਵੀ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਹੀ ਚੁਣਨਾ ਪਸੰਦ ਕੀਤਾ ਹੈ। ਰਾਜਨ ਨਾਰੰਗ ਨੇ ਆਖਿਆ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਦੇ ਸਾਰ ਹੀ ਕਿਸਾਨਾਂ ਲਈ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ-ਹਿਤੈਸ਼ੀ ਹੈ ਅਤੇ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਰਹੀ ਹੈ। ਉਹਨਾਂ ਚੋਣਾਂ ਦੌਰਾਨ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਅਤੇ ਹਮਾਇਤ ਦੇਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵੋਟਰਾਂ ਵੱਲੋਂ ਮਿਲੇ ਪਿਆਰ ਨਾਲ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਦੀ ਵੋਟ ਫ਼ੀਸਦੀ ਹੋਰ ਮਜ਼ਬੂਤ ਹੋਈ ਹੈ, ਜਿਸ ਨਾਲ ਸਮੂਹ ਭਾਜਪਾ ਵਰਕਰਾਂ ਤੇ ਆਗੂਆਂ ਦੇ ਹੌਂਸਲੇ ਮਜ਼ਬੂਤ ਹੋਏ ਹਨ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਨਾਲ ਲੋਕਾਂ ਦੀ ਸੇਵਾ ਵਿਚ ਜੁੜੇ ਰਹਿਣਗੇ। ਇਸ ਮੌਕੇ ਉਹਨਾਂ ਪਾਰਟੀ ਵਲੋਂ ਰਵਨੀਤ ਸਿੰਘ ਬਿੱਟੂ ਅਤੇ ਚਿਰਾਗ ਪਾਸਵਾਨ ਵਰਗੇ ਨੌਜਵਾਨ ਚਿਹਰਿਆਂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
