ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਬਦ-ਸਾਂਝ ਮੰਚ, ਕੋਟਕਪੂਰਾ ਦੇ ਸਰਗਰਮ ਮੈਂਬਰ ਅਤੇ ਬਜ਼ੁਰਗ ਸ਼ਾਇਰ ਤੇਜਾ ਸਿੰਘ ਮੁਹਾਰ ਦੀ ਪਲੇਠੀ ਕਾਵਿ-ਪੁਸਤਕ ‘ਢਲਦੇ ਸੂਰਜ ਦੀ ਲਾਲੀ’ ਲੋਕ-ਅਰਪਿਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਅਤੇ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਭਾਸ਼ਾ ਵਿਭਾਗ, ਫ਼ਰੀਦਕੋਟ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਹੇਠ ਆਫ਼ੀਸਰ ਕਲੱਬ ਵਿਖੇ ਕਰਵਾਏ ਗਈ ਇੱਕ ਸ਼ਾਨਦਾਰ ਸਮਾਗਮ ਦੌਰਾਨ ਇਸ ਕਿਤਾਬ ਨੂੰ ਲੋਕ-ਅਰਪਿਤ ਕੀਤਾ ਗਿਆ। ਸਮਾਗਮ ਵਿੱਚ ਪ੍ਰਿੰ. ਐੱਸ.ਐੱਸ. ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪ੍ਰਸਿੱਧ ਪ੍ਰਵਾਸੀ ਸ਼ਾਇਰ ਅਜ਼ੀਮ ਸ਼ੇਖ਼ਰ, ਰਜਿੰਦਰਜੀਤ, ਪ੍ਰੀਤ ਮਨਪ੍ਰੀਤ, ਜਸਵਿੰਦਰ ਰੱਤੀਆਂ, ਹਰਦਮ ਮਾਨ ਅਤੇ ਰੂਪ ਦਵਿੰਦਰ ਕੌਰ ਨੇ ਵਿਸ਼ੇਸ਼ ਸ਼ਾਇਰਾਂ ਵਜੋਂ ਸ਼ਿਰਕਤ ਕੀਤੀ। ਮੰਚ ਦੇ ਪ੍ਰਧਾਨ ਅਤੇ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੇ ਕਿਹਾ ਕਿ ਤੇਜਾ ਸਿੰਘ ਮੁਹਾਰ ਬੇਸ਼ੱਕ ਅੱਜਕੱਲ੍ਹ ਕੈਨੇਡਾ ਦੀ ਧਰਤੀ ’ਤੇ ਰਹਿ ਰਹੇ ਹਨ ਪਰ ਉਹਨਾਂ ਨੇ ਕੋਟਕਪੂਰਾ ਅਤੇ ਆਪਣੀ ਜਨਮ-ਭੂਮੀ ਦਾ ਕਦੇ ਮੋਹ ਨਹੀਂ ਤਿਆਗਿਆ। ਇਸ ਮੋਹ, ਹੇਰਵੇ ਅਤੇ ਪਰਵਾਸ ਦੀਆਂ ਚੁਣੌਤੀਆਂ ਵਿੱਚੋਂ ਹੀ ਉਹਨਾਂ ਦੀਆਂ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਦੀ ਸਿਰਜਣਾ ਹੋਈ ਹੈ। ਸ਼ਬਦ-ਸਾਂਝ ਮੰਚ ਦੀ ਸਮੁੱਚੀ ਟੀਮ, ਜਿਸ ਵਿੱਚ ਸਰਪ੍ਰਸਤ ਗੁਰਿੰਦਰ ਸਿੰਘ ਕੋਟਕਪੂਰਾ, ਨਾਵਲਕਾਰ ਜੀਤ ਸਿੰਘ ਸੰਧੂ, ਉਦੇ ਰੰਦੇਵ, ਲੋਕ-ਗਾਇਕ ਇੰਦਰ ਮਾਨ, ਰਜਿੰਦਰ ਡਿੰਪਾ, ਗੁਰਬਚਨ ਸਿੰਘ ਭੁੱਲਰ, ਭੁਪਿੰਦਰ ਪਰਵਾਜ਼ ਆਦ ਸ਼ਾਮਿਲ ਹਨ, ਨੇ ਉਨ੍ਹਾਂ ਦੀ ਇਸ ਪਲੇਠੀ ਕਾਵਿ-ਪੁਸਤਕ ਦੀ ਆਮਦ ’ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮੁਬਾਰਕਬਾਦ ਦਿੱਤੀ ਹੈ। ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਖੋਜ ਅਫ਼ਸਰ ਕੰਵਲਜੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਪ੍ਰਸਿੱਧ ਗ਼ਜ਼ਲਗੋ ਵਿਜੇ ਵਿਵੇਕ, ਸਿਮਰਨ ਅਕਸ, ਮਨ ਮਾਨ, ਧਰਮ ਪਰਵਾਨਾ, ਪ੍ਰੋ ਬੀਰ ਇੰਦਰ ਸਰਾਂ, ਸ਼ਿਵ ਨਾਥ ਦਰਦੀ, ਵਤਨਵੀਰ ਜ਼ਖ਼ਮੀ, ਰਾਜ ਗਿੱਲ ਭਾਣਾ ਆਦਿ ਵੀ ਸ਼ਖਸੀਅਤਾਂ ਵੀ ਹਾਜ਼ਰ ਸਨ। ਮੰਚ ਸੰਚਾਲਨ ਜਸਵੀਰ ਜੱਸੀ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ।

