
ਮਾਛੀਵਾੜਾ ਸਾਹਿਬ 21 ਅਗਸਤ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਆਪਣੇ ਆਪ ਵਿੱਚ ਵੱਡੇ ਤੇ ਸਦੀਆਂ ਪੁਰਾਣੇ ਕੁਸ਼ਤੀ ਦੰਗਲ ਦੇ ਨਾਲ ਸਮੁੱਚੀ ਦੁਨੀਆਂ ਵਿੱਚ ਜਾਣੇ ਜਾਂਦੇ ਪਿੰਡ ਤੱਖਰਾਂ ਦੇ ਮੇਲੇ ਨੂੰ ਕੌਣ ਨਹੀਂ ਜਾਣਦਾ। ਮਹਾਨ ਧਾਰਮਿਕ ਰੂਹ ਬਾਬਾ ਸੁੰਦਰ ਦਾਸ ਜੀ ਨੇ ਇਸ ਨਗਰ ਨੂੰ ਭਾਗ ਲਾਏ ਉਹਨਾਂ ਆਪਣੇ ਹੱਥੀ ਕੁਸ਼ਤੀਆਂ ਸ਼ੁਰੂ ਕਰਵਾਈਆਂ ਪਹਿਲਵਾਨਾਂ ਨੂੰ ਇੱਥੇ ਬੁਲਾਇਆ ਜਾਂਦਾ ਸੀ ਬਾਬਾ ਜੀ ਖੁਦ ਉਹਨਾਂ ਦੀ ਸੇਵਾ ਕਰਦੇ। ਨਗਰ ਨਿਵਾਸੀਆਂ ਨੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਬਾਬਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈਣ ਤੋਂ ਬਾਅਦ ਰਾਗੀ ਢਾਡੀ ਕੀਰਤਨ ਦਰਬਾਰ ਦੇ ਵਿੱਚ ਅਨੇਕਾ ਜਥਿਆਂ ਨੇ ਹਾਜ਼ਰੀ ਭਰੀ। ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਚਲਾਏ ਗਏ। ਕੁਸ਼ਤੀਆਂ ਕਾਰਨ ਮਸ਼ਹੂਰ ਇਸ ਦੰਗਲ ਮੇਲੇ ਦੇ ਵਿੱਚ ਪਹਿਲਵਾਨ ਵੱਡੀ ਗਿਣਤੀ ਵਿੱਚ ਪੁੱਜਦੇ ਹਨ।
ਪਹਿਲੇ ਦਿਨ ਦੀਆਂ ਛੋਟੀਆਂ ਕੁਸ਼ਤੀਆਂ ਹੋਈਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਭਾਗ ਲਿਆ। ਪਹਿਲੇ ਦਿਨ ਪਚਾਸੀ ਕੁਸ਼ਤੀਆਂ ਕਰਵਾਈਆਂ। ਬਾਬਾ ਸੁੰਦਰ ਦਾਸ ਸਟੇਡੀਅਮ ਦੇ ਵਿੱਚ ਚੱਲ ਰਹੇ ਕੁਸ਼ਤੀ ਦੰਗਲ ਮੇਲੇ ਦਾ ਆਨੰਦ ਦਰਸ਼ਕਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਮਾਣਿਆਂ।
ਦੂਜੇ ਦਿਨ ਵੱਡੇ ਕੁਸ਼ਤੀ ਦੰਗਲ ਦੇ ਵਿੱਚ ਅਲੱਗ ਅਲੱਗ ਕੁਸ਼ਤੀ ਅਖਾੜਿਆਂ ਦੇ ਭਲਵਾਨ ਰੈਫਰੀ ਮੰਚ ਸੰਚਾਲਕ ਪੁੱਜੇ ਹੋਏ ਸਨ। ਮੰਚ ਸੰਚਾਲਕਾਂ ਨੇ ਆਪਣੀ ਸਾਇਰੋ ਸ਼ਾਇਰੀ ਸੁਣਾਈ। ਇਸ ਮੌਕੇ ਗੁਰਦੁਆਰਾ ਕਮੇਟੀ ਪੰਚਾਇਤ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਤੂੰ ਇਲਾਵਾ ਦੂਰ ਦੁਰਾਡਿਓਂ ਕੁਸ਼ਤੀ ਪ੍ਰੇਮੀ ਪੁੱਜੇ ਹੋਏ ਸਨ। ਅੱਜ ਦੂਜੇ ਦਿਨ ਇਸ ਕੁਸ਼ਤੀ ਦੰਗਲ ਮੇਲੇ ਦੇ ਵਿੱਚ ਨਾਮੀਂ ਪਹਿਲਵਾਨਾਂ ਨੇ ਬਾਬਾ ਜੀ ਦੇ ਕੁਸ਼ਤੀ ਅਖਾੜੇ ਵਿਚ ਹਾਜ਼ਰੀ ਭਰੀ। ਬੇਅੰਤ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੇਲੇ ਵਿੱਚ ਪੁੱਜੇ ਪਹਿਲਵਾਨਾਂ ਦੇ ਲਈ ਇਨਾਮ ਦੇ ਵਿੱਚ ਨੁੱਕਰੀ ਘੋੜੀ, ਬੁਲਟ ਮੋਟਰਸਾਈਕਲ, ਤਿੰਨ ਪਲਟੀਨਾ ਮੋਟਰਸਾਈਕਲ ਝੋਟੀਆਂ ਮੁੰਦੀਆ ਤੇ ਹਰ ਪਹਿਲਵਾਨ ਨੂੰ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਸਮਰਾਲਾ ਮਾਛੀਵਾੜਾ ਤੋਂ ਸਿਆਸੀ ਆਗੂਆਂ ਪਰਮਜੀਤ ਸਿੰਘ ਢਿੱਲੋਂ ਅਕਾਲੀ ਆਗੂ,ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ , ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ, ਇਲਾਕੇ ਦੇ ਪੰਚਾਂ ਸਰਪੰਚਾਂ ਤੇ ਹੋਰ ਅਹਿਮ ਸ਼ਖਸ਼ੀਅਤਾਂ ਇਸ ਮੇਲੇ ਵਿੱਚ ਪੁੱਜੀਆਂ।
ਅਖੀਰ ਵਿੱਚ ਵੱਡੇ ਭਲਵਾਨਾਂ ਦੀਆਂ ਪ੍ਰਮੁੱਖ ਸ਼ਾਨਦਾਰ ਕੁਸ਼ਤੀਆਂ ਕਰਵਾਈਆਂ ਗਈਆਂ। ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਤੇ ਅਵਨਾਇਕ ਰੋਹਤਕ ਜਿਸ ਵਿੱਚ ਤਾਲਿਬ ਬੁਲੇਟ ਮੋਟਰਸਾਈਕਲ ਲੈ ਕੇ ਜੇਤੂ ਰਿਹਾ ,ਭੁਪਿੰਦਰ ਅਜਨਾਲਾ ਸਾਹਿਲ ਕੋਹਾਲੀ ਵਿਚਕਾਰ ਹੋਈ ਕਾਫੀ ਲੰਮੇ ਸਮੇਂ ਤੱਕ ਇਹ ਕੁਸ਼ਤੀ ਚੱਲੀ ਦੋਵਾਂ ਹੀ ਭਲਵਾਨਾਂ ਨੇ ਪੂਰੀ ਜ਼ੋਰ ਅਜ਼ਮਾਈ ਕੀਤੀ। ਨਰਿੰਦਰ ਖੰਨਾ ਨੇ ਜਲਾਲ ਮਰੌੜ ਮੂੰਹ ਚਿੱਤ ਕਰਕੇ ਨੁੱਕਰੀ ਘੋੜੀ ਜਿੱਤੀ, ਹਰਸ਼ ਤੱਖਰਾਂ ਨੇ ਸ਼ਾਮਾਂ ਕਾਲੀਆਂ ਨਵਾਂ ਪਿੰਡ ਨੂੰ ਚਿੱਤ ਕੀਤਾ। ਲਵਪ੍ਰੀਤ ਖੰਨਾ ਨਾਲ ਸੌਰਵ ਬਰੜਵਾਲ, ਕੁਲਜਿੰਦਰ ਭੁੱਟਾ ਭਿੰਦਾ ਬਠਿੰਡਾ ਸਮੇਤ ਹੋਰ ਅਣਗਿਣਤ ਪੁਰਾਣੀ ਤੇ ਨਵੇਂ ਪਹਿਲਵਾਨਾਂ ਨੇ ਬਾਬਾ ਸੁੰਦਰ ਦਾਸ ਕੁਸ਼ਤੀ ਦੰਗਲ ਦੇ ਵਿੱਚ ਆਪਣੀ ਹਾਜਰੀ ਲਵਾਈ।
ਸੁਚੱਜੇ ਪ੍ਰਬੰਧਾਂ ਤੇ ਧੂਮ ਧਾਮ ਨਾਲ ਸਮਾਪਤ ਹੋਏ ਇਸ ਮੇਲੇ ਦੇ ਵਿੱਚ ਸਮੁੱਚੇ ਨਗਰ ਨਿਵਾਸੀਆਂ, ਗੁਰਦੁਆਰਾ ਕਮੇਟੀ, ਸਮੁੱਚੀ ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਆਪੋ ਆਪਣੀਆਂ ਡਿਊਟੀਆਂ ਬਖੂਬੀ ਨਿਭਾਈਆਂ। ਸਾਲ ਹੋਣ ਵਾਲੇ ਇਸ ਮੇਲੇ ਵਿੱਚ ਦਾਨੀ ਸੱਜਣਾਂ ਵੱਲੋਂ ਆਲਟੋ ਕਾਰ ਤੇ ਹੋਰ ਇਨਾਮਾਂ ਦਾ ਐਲਾਨ ਵੀ ਕੀਤਾ ਗਿਆ।
ਮੇਲੇ ਵਿੱਚ ਪੁੱਜਣ ਉੱਤੇ ਪਿੰਡ ਦੀ ਸਰਪੰਚ ਜਸਬੀਰ ਕੌਰ ਪਤਨੀ ਜਗਦੀਸ਼ ਜੱਗੀ ਸਪੁੱਤਰ ਗੁਰਮੀਤ ਸਿੰਘ ਫੌਜੀ ਪੰਚਾਇਤ ਮੈਂਬਰ ਤੇ ਨਗਰ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ।