ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਥੈਲੇਸੀਮੀਆ ਪੀੜਤ ਬੱਚਿਆਂ ਨੂੰ ਸਰਕਾਰ ਵੱਲੋਂ ਮੁਫਤ ਦਿੱਤੀ ਜਾਂਦੀ ਦਵਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੈਲੇਸੀਮੀਆ ਬੀਮਾਰੀ ਤੋਂ ਪੀੜਤ ਕੋਟਕਪੂਰਾ ਦੇ ਵਸਨੀਕ ਰਜਤ ਛਾਬੜਾ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਸੂਬਾ ਸਰਕਾਰ ਵੱਲੋਂ ਥੈਲੇਸੀਮੀਆ ਬੱਚਿਆਂ ਨੂੰ ਉਨ੍ਹਾਂ ਦੀ ਦਵਾਈ ਪੰਜਾਬ ਦੇ ਸਾਰੇ ਸਿਵਲ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਮੁਫਤ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਦਵਾਈ ਨਿਰਵਿਘਨ ਮਿਲਦੀ ਰਹੀ ਪਰ ਕੁੱਝ ਸਮੇਂ ਤੋਂ ਇਹ ਲਾਈਫ ਸੇਵਿੰਗ ਦਵਾਈ ਕਦੇ ਮਿਲਦੀ ਹੈ ਅਤੇ ਕਦੇ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਸਰਕਾਰ ਤੋਂ ਇਹ ਦਵਾਈ ਮੁਫਤ ਮਿਲਦੀ ਸੀ ਪਰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗੀ ਦਵਾਈ ਲੈਣ ਤੋਂ ਉਹ ਅਸਮਰਥ ਹਨ, ਕਿਉਂਕਿ ਥੈਲੇਸੀਮੀਆ ਦਾ ਇਲਾਜ ਬਹੁਤ ਮਹਿੰਗਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਹਿਲਾਂ ਵੀ ਕਈ ਵਾਰ ਸ਼ਿਕਾਈਤਾਂ ਤੇ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਥੈਲੇਸੀਮੀਆ ਬੀਮਾਰੀ ਨਾਲ ਪੀੜਤ ਬੱਚਿਆਂ ਦੀਆਂ ਲਗਾਤਾਰ ਚੱਲਣ ਵਾਲੀਆਂ ਇਹ ਦਵਾਈਆਂ ਉਨ੍ਹਾਂ ਨੂੰ ਸਮੇਂ ਸਿਰ ‘ਤੇ ਮੁਫਤ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧ ਵਿਚ ਜਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਡਾ. ਵਰੁਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੈਲਫਰ ਨਾਂ ਦੀ ਦਵਾਈ ਪਿੱਛੋਂ ਹੀ ਨਹੀਂ ਆ ਰਹੀ ਅਤੇ ਡੈਫਰਾਸਿਰੋਕਸ ਦਵਾਈ ਦੀ ਸਪਲਾਈ ਆ ਰਹੀ ਹੈ, ਜੋ ਅੱਗੇ ਦਿੱਤੀ ਵੀ ਜਾ ਰਹੀ ਹੈ।

