ਤਿੰਨ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਕਿਹਾ, ਨਗਰ ਨਿਗਮ ਹੋ ਰਿਹਾ ਹੈ ਆਤਮ-ਨਿਰਭਰ, ਸੀਵਰੇਜ ਦੀ ਸਮੱਸਿਆ ਜਲਦੀ ਹੋਵੇਗੀ ਹੱਲ
ਬਠਿੰਡਾ ਦੇ ਵਿਕਾਸ ਨੂੰ ਪਹਿਲ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਬਠਿੰਡਾ, 7 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਸੀਵਰੇਜ ਦੀ ਸਮੱਸਿਆ ਤੋਂ ਰਾਹਤ ਦੇਣ ਲਈ 72 ਲੱਖ ਰੁਪਏ ਦੀ ਲਾਗਤ ਵਾਲੀਆਂ ਇੱਕ ਜੈਟਿੰਗ ਕਮ ਸੰਕਸ਼ਨ ਮਸ਼ੀਨ ਅਤੇ ਦੋ ਗ੍ਰੈਬ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਜੋ ਸ਼ਹਿਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਉਨ੍ਹਾਂ ਦੀ ਹਰ ਮੰਗ ਮੁੱਖ ਮੰਤਰੀ ਵੱਲੋਂ ਇੱਕ ਵਾਰ ਵਿੱਚ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਦੇਖਭਾਲ ਤ੍ਰਿਵੇਣੀ ਕੰਪਨੀ ਵੱਲੋਂ ਕੀਤੀ ਜਾ ਰਹੀ ਸੀ, ਪਰ ਉਕਤ ਕੰਪਨੀ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਸੀਵਰੇਜ ਸਿਸਟਮ ਦੀ ਹਾਲਤ ਖ਼ਰਾਬ ਹੈ, ਪਰ ਹੁਣ ਉਕਤ ਕੰਪਨੀ ਨੂੰ ਨਗਰ ਨਿਗਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਹੁਣ ਨਗਰ ਨਿਗਮ ਵੱਲੋਂ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਆਪਣੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਸਵੈ-ਨਿਰਭਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸੀਵਰੇਜ ਦੀ ਸਫਾਈ ਲਈ ਜੈਟਿੰਗ ਅਤੇ ਗ੍ਰੈਬ ਮਸ਼ੀਨਾਂ ਰਵਾਨਾ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ 52 ਲੱਖ ਰੁਪਏ ਦੀ ਇੱਕ ਜੈਟਿੰਗ ਕਮ ਸੰਕਸ਼ਨ ਮਸ਼ੀਨ ਅਤੇ 10-10 ਲੱਖ ਰੁਪਏ ਦੀਆਂ ਦੋ ਗ੍ਰੈਬ ਮਸ਼ੀਨਾਂ ਦੁਆਰਾ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਕੋਲ ਤਿੰਨ ਜੈਟਿੰਗ ਕਮ ਸੰਕਸ਼ਨ ਮਸ਼ੀਨਾਂ ਅਤੇ 6 ਗ੍ਰੈਬ ਮਸ਼ੀਨਾਂ ਉਪਲਬਧ ਹਨ।
ਸ੍ਰੀ ਮਹਿਤਾ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਲੋੜ ਪੈਣ ‘ਤੇ ਜਲਦੀ ਹੀ ਹੋਰ ਮਸ਼ੀਨਰੀ ਵੀ ਖਰੀਦੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਦੀ ਸੂਰਤ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਜਿਸ ਲਈ ਨਗਰ ਨਿਗਮ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਸੀਵਰੇਜ ਸਿਸਟਮ ਨੂੰ ਪੂਰੀ ਤਰ੍ਹਾਂ ਸੁਧਾਰਿਆ ਜਾਵੇਗਾ।
ਇਸ ਮੌਕੇ ਸਲਾਹਕਾਰ ਸ਼ਾਮ ਲਾਲ ਜੈਨ, ਐਫ ਐਂਡ ਸੀ ਸੀ ਮੈਂਬਰ ਰਤਨ ਰਾਹੀ, ਉਮੇਸ਼ ਗੋਗੀ, ਕੌਂਸਲਰ ਰਾਜਿੰਦਰ ਸਿੰਘ ਸਿੱਧੂ, ਪਰਵਿੰਦਰ ਸਿੰਘ ਨੰਬਰਦਾਰ, ਵਿਕਰਮ ਕ੍ਰਾਂਤੀ, ਚਰਨਜੀਤ ਭੋਲਾ, ਰਾਣਾ ਰਣਦੀਪ ਸਿੰਘ, ਅਮਰਿੰਦਰ ਸਿੱਧੂ, ਮਨੋਜ ਜਿੰਦਲ, ਜਗਪਾਲ ਸਿੰਘ ਗੋਰਾ ਸਿੱਧੂ, ਸੋਨੀ ਪ੍ਰਧਾਨ, ਅਮਨ ਡੀਸੀ, ਐਕਸੀਅਨ ਬਲਜੀਤ ਸਿੰਘ, ਜੇਈ ਪਵਨ ਕੁਮਾਰ ਅਤੇ ਸਟਾਫ ਉਨ੍ਹਾਂ ਨਾਲ ਮੌਜੂਦ ਸਨ।