ਦਲਿਤ ਸਮਾਜ ਨੇ ਰਵਾਇਤੀ ਪਾਰਟੀਆਂ ਦੇ ਅਨੇਕਾਂ ਤਰਾਂ ਦੇ ਲਾਲਚਾਂ ਨੂੰ ਕੀਤਾ ਦਰਕਿਨਾਰ : ਸਪੀਕਰ ਸੰਧਵਾਂ
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਅੱਜ ਨਰੂਆਣਾ ਜਿਲਾ ਬਠਿੰਡਾ ਵਿਖੇ ਹੋ ਰਹੇ ਦਲਿਤ ਸੰਮੇਲਨ ’ਚ ਹਿੱਸਾ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਕੋਟਕਪੂਰਾ ਤੋਂ ਜੁਝਾਰੂ ਵਰਕਰਾਂ ਦਾ ਬੱਸਾਂ ਦਾ ਕਾਫਲਾ ਰਵਾਨਾ ਹੋਇਆ। ਸਪੀਕਰ ਸੰਧਵਾਂ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੇ ਕੇ ਸਮੁੱਚੇ ਦਲਿਤ ਸਮਾਜ ਨੂੰ ਮਾਣ ਸਤਿਕਾਰ ਦਿੱਤਾ ਪਰ ਅੱਜ ਦਲਿਤ ਸਮਾਜ ਨਾਲ ਹੋ ਰਹੇ ਵਿਤਕਰੇ ਦੀਆਂ ਖਬਰਾਂ ਪੜ ਸੁਣ ਕੇ ਦਿਲ ਵਲੂੰਧਰਿਆ ਜਾਂਦਾ ਹੈ, ਕਿਉਂਕਿ ਅਜਿਹਾ ਕਰਕੇ ਅਸੀਂ ਗੁਰੂ ਜੀ ਦੇ ਫਲਸਫੇ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਾਂ। ਸੈਂਕੜਿਆਂ ਦੀ ਗਿਣਤੀ ਵਾਲੇ ਕਾਫਲੇ ਨੂੰ ਰਵਾਨਾ ਕਰਨ ਮੌਕੇ ਸਪੀਕਰ ਸੰਧਵਾਂ ਨੇ ਆਖਿਆ ਕਿ ਦਲਿਤ ਸਮਾਜ ਨੇ ਪੰਜਾਬ ਦੀ ਹਰ ਜੰਗ ਵਿੱਚ ਸਫਲਤਾਪੂਰਵਕ ਜਿੱਤ ਪ੍ਰਾਪਤ ਕੀਤੀ, ਹਰ ਮੋਰਚਾ ਮੂਹਰੇ ਹੋ ਕੇ ਲੜਿਆ ਅਤੇ ਜਿੱਤਿਆ, ਜਦੋਂ ਇਨਕਲਾਬ ਦੀ ਲੜਾਈ ਲੜੀ ਜਾ ਰਹੀ ਸੀ, ਉਸ ਸਮੇਂ ਵੀ ਸਾਰੇ ਦਲਿਤ ਸਮਾਜ, ਦਲਿਤ ਭਾਈਚਾਰੇ ਅਤੇ ਦਲਿਤ ਵੀਰ-ਭੈਣਾ ਨੇ ਰਵਾਇਤੀ ਪਾਰਟੀਆਂ ਵਲੋਂ ਅਨੇਕਾਂ ਤਰਾਂ ਦੇ ਦਿੱਤੇ ਗਏ ਲਾਲਚਾਂ ਅਤੇ ਦਿਖਾਏ ਗਏ ਸਬਜਬਾਗਾਂ ਨੂੰ ਦਰਕਿਨਾਰ ਕਰਦਿਆਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਉਹਨਾ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿੱਚ ਦਲਿਤ ਵਰਗ ਦਾ ਪੂਰਾ ਮਾਣ ਸਤਿਕਾਰ ਬਰਕਰਾਰ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਿਰਮਲ ਸਿੰਘ ਮਚਾਕੀ, ਵਿੱਕੀ ਸਹੋਤਾ, ਕਾਕਾ ਸਿੰਘ ਠਾੜਾ, ਜਰਨੈਲ ਸਿੰਘ ਮਚਾਕੀ, ਬੱਬੀ ਸਿੰਘ ਵਾਂਦਰ ਜਟਾਣਾ, ਸੁਦਾਗਰ ਸਿੰਘ, ਹਰਨੇਕ ਸਿੰਘ ਦੇਵੀਵਾਲਾ, ਚਿਰੰਜੀ ਲਾਲ ਮੌਰੀਆ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।