ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੜ੍ਹਦੀਕਲਾ ਐਜੂਕੇਸ਼ਨ ਸੋਸਾਇਟੀ ਵੱਲੋਂ ਪਿੰਡ ਭਾਣਾ ਵਿੱਚ ਚਲਾਏ ਜਾ ਰਹੇ ਸਕੂਲ ‘ਦਸਮੇਸ਼ ਕਾਨਵੈਂਟ ਸਕੂਲ’ ਨੂੰ ਆਈ.ਸੀ.ਐੱਸ.ਈ. ਬੋਰਡ ਵੱਲੋਂ ਮਾਨਤਾ ਪ੍ਰਾਪਤ ਹੋਈ, ਜਿਸ ਦਾ ਮਾਨਤਾ ਨੰ: ਪੀ. ਯੂ.-215 ਹੈ। ਇਹ ਸਕੂਲ ਸੈਸ਼ਨ 2020-21 ਤੋਂ ਹੀ ਇਲਾਕੇ ਦੇ ਬੱਚਿਆਂ ਨੂੰ ਉੱਤਮ ਵਿੱਦਿਆ ਦੇ ਕੇ ਸੇਵਾ ਨਿਭਾਅ ਰਿਹਾ ਹੈ। ਸਕੂਲ ਦੀ ਬਿਲਡਿੰਗ ਇੱਕ ਅਦਰਸ਼ ਨਮੂਨਾ ਹੈ। ਸਾਲ 2023 ਵਿੱਚ ਸਕੂਲ ਨੂੰ ਬੈਸਟ ਇਨਫਰਾਸਟਕਚਰ ਦਾ ਫੈਪ ਅਵਾਰਡ ਹਾਸਿਲ ਹੋਇਆ। ਸਕੂਲ ਵਿੱਚ ਸਾਇੰਸ ਦੇ ਤਿੰਨੋਂ ਵਿਸ਼ਿਆਂ ਦੀਆਂ ਲੈਬਾਂ ਦੇ ਨਾਲ-ਨਾਲ ਕੰਪਿਊਟਰ ਲੈਬ, ਮੈਥ ਲੈਬ, ਐੱਸ.ਐੱਸ.ਟੀ. ਲੈਬ ਅਤੇ ਲੈਗੂਏਜ਼ ਲੈਬ ਵੀ ਸ਼ਾਮਿਲ ਹੈ। ਇਨ੍ਹਾਂ ਵਿਚ ਵਿਸ਼ੇ ਨਾਲ ਸਬੰਧਤ ਲੋੜੀਦਾਂ ਅਤੇ ਆਧੁਨਿਕ ਸਮਾਨ ਮੌਜੂਦ ਹੈ। ਸਕੂਲ ਲਾਇਬ੍ਰੇਰੀ ਵਿੱਚ 2500 ਤੋਂ ਜ਼ਿਆਦਾ ਕਿਤਾਬਾਂ ਹਨ ਜੋ ਕਿ ਪੜ੍ਹਨ ਵਾਲੇ ਵਿਸ਼ਿਆਂ ਅਤੇ ਬੱਚਿਆਂ ਦੇ ਸਰਵ-ਪੱਖੀ ਵਿਕਾਸ ਨਾਲ ਸਬੰਧਤ ਵਿਸ਼ਿਆਂ ’ਤੇ ਅਧਾਰਿਤ ਹਨ। ਸਕੂਲ ਵਿੱਚ ਲੋੜੀਂਦੀ ਮੈਡੀਕਲ ਸਹੂਲਤ ਵੀ ਹੈ। ਫਸਟ ਏਡ ਦੇਣ ਲਈ ਮੈਡੀਕਲ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ। ਸਕੂਲ ਦਾ ਸਟਾਫ ਪੜ੍ਹਿਆ-ਲਿਖਿਆ ਅਤੇ ਅਨੁਭਵੀ ਹੈ। ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਪਿੰਡ ਭਾਣਾ ਦਾ ਇਹ ਸਕੂਲ ਫ਼ਰੀਦਕੋਟ ਦੇ ਪਿੰਡਾਂ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਪਹਿਲਾ ਆਈ.ਸੀ.ਐੱਸ.ਈ. ਸਕੂਲ ਹੈ। ਜੋ ਕਿ ਇਲਾਕੇ ਦੇ ਲੋਕਾਂ ਅਤੇ ਸਕੂਲ ਪ੍ਰਸ਼ਾਸ਼ਨ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਅਤੇ ਕਨਵੀਨਰ ਅਜਮੇਰ ਸਿੰਘ ਧਾਲੀਵਾਲ ਨੇ ਪ੍ਰਿੰਸੀਪਲ ਸੁਰਜੀਤ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਦੱਸਿਆ।
