ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਨਰਸਰੀ ਤੋਂ ਤੀਸਰੀ ਕਲਾਸ ਤੱਕ ਦੇ ਬੱਚੇ ਬੜੇ ਹੀ ਖੁਸ ਲੱਗ ਰਹੇ ਸਨ। ਇਹਨਾਂ ਬੱਚਿਆਂ ਨੇ 100 ਮੀਟਰ ਰੇਸ, ਬੈਕ ਰੇਸ, ਰਲੇਅ ਰੇਸ, ਇੱਕ ਪੈਰੀ ਰੇਸ ਆਦਿ ਵਿੱਚ ਹਿੱਸਾ ਲਿਆ ਅਤੇ ਚੌਥੀ ਤੋਂ ਦਸਵੀ ਕਲਾਸ ਦੇ ਬੱਚਿਆਂ ਦੁਆਰਾ ਰੱਸਾ-ਕਸੀ, ਲੌਂਗ ਜੰਪ, ਤਿੰਨ ਟੰਗੀ ਰੇਸ, ਹੌਪਿੰਗ ਰੇਸ, ਬੈਲੇਸ ਰੇਸ, ਸਪੂਨ ਲੈਮਨ ਰੇਸ, 100 ਮੀਟਰ ਅਤੇ 200 ਮੀਟਰ ਰੀਲੇਅ ਰੇਸ, ਮਟਕਾ ਰੇਸ ਆਦਿ ਖੇਡਾਂ ਵਿੱਚ ਹਿੱਸਾ ਲਿਆ। ਇਸ ਵੇਲੇ ਬੱਚਿਆਂ ਦੇ ਚੇਹਰੇ ਉੱਤੇ ਕਾਫੀ ਰੌਣਕ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਬੱਚੇ ਪੂਰੇ ਜੋਸ਼ ਨਾਲ ਖੇਡਾਂ ਵਿੱਚ ਹਿੱਸਾ ਲੈ ਰਹੇ ਸਨ। ਮਾਹੌਲ ਕਾਫੀ ਰੌਮਾਂਚਿਕ ਬਣਿਆ ਹੋਇਆ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਵੱਡੇ ਪੈਮਾਨੇ ਦੀਆਂ ਖੇਡਾਂ ਹੋ ਰਹੀਆਂ ਹੋਣ। ਇਹ ਸਲਾਨਾ ਐਥਲੈਟਿਕ ਮੀਟ ਸਕੂਲ ਦੇ ਤਿੰਨੇ ਡੀ.ਪੀ.ਈ ਜਗਮੀਤ ਸਿੰਘ, ਭਲਵਾਨ ਸਿੰਘ, ਗੁਰਦੀਪ ਸਿੰਘ ਦੇਖ-ਰੇਖ ਹੇਠ ਕਰਵਾਈ ਗਈ। ਇਹਨਾਂ ਵੱਖ ਵੱਖ ਖੇਡਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ਰੰਸੀਪਲ ਅਜੇ ਸ਼ਰਮਾ, ਕੌਆਰਡੀਨੇਟਰਜ਼ ਅਤੇ ਡੀ.ਪੀ.ਈ. ਅਧਿਆਪਕਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਪਿ੍ਰੰਸੀਪਲ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਹੀ ਬੱਚੇ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਦਿਲਚਸਪੀ ਪੈਦਾ ਕਰਨਾ ਸਕੂਲ ਦਾ ਮੁੱਖ ਉਦੇਸ਼ ਹੈ। ਉਹਨਾਂ ਨੇ ਇਸ ਸਫਲ ਐਥਲੈਟਿਕ ਮੀਟ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।