ਫ਼ਰੀਦਕੋਟ , 13 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੱਭਿਆਚਾਰਕ ਕੇਂਦਰ, ਫ਼ਰੀਦਕੋਟ ਵਿਖੇ “ਵੀਰ ਬਾਲ ਦਿਵਸ”ਮਨਾਇਆ ਗਿਆ। ਇਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਜਿਸ ਵਿੱਚ ਦਸਮੇਸ਼ ਪਬਲਿਕ ਸਕੂਲ, ਕਟੋਕਪੂਰਾ ਦੇ ਜੂਨੀਅਰ ਵਿਭਾਗ, ਦੂਜੀ ਜਮਾਤ ਦੀ ਵਿਦਿਆਰਥਣ ਜੈਜ਼ਲੀਨ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੇਪਰ ਰੀਡਿੰਗ ਮੁਕਾਬਲੇ ਵਿੱਚ ਸੀਨੀਅਰ ਵਿਭਾਗ ਦਸਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀ ਵਿਦਿਆਰਥਣ ਯਸ਼ਿੰਦਰ ਕੌਰ ਨੇ ਡਿਬੇਟ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਮੁਖੀ ਸ. ਸੁਰਿੰਦਰ ਸਿੰਘ ਜੀ ਨੇ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ, ਤਿਆਰੀ ਕਰਾਉਣ ਵਾਲੇ ਅਧਿਆਪਕਾਂ ਅਤੇ ਸਮੂਹ ਕੋਆਰਡੀਨੇਟਰਜ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਵਿਦਿਆਰਥਣਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਜਸਬੀਰ ਸਿੰਘ ਸੰਧੂ ਜੀ ਨੇ ਵੀ ਵਧਾਈ ਸੰਦੇਸ਼ ਭੇਜਿਆ ਤੇ ਉਹਨਾਂ ਨੇ ਬੱਚਿਆਂ ਨੂੰ ਅਜਿਹੇ ਹੋਰ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।